ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਮਈ
ਪੀਏਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਦੀ ਰਹਿਨੁਮਾਈ ਹੇਠ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ‘ਬੇਕਰੀ ਅਤੇ ਕੰਨਫੈਕਸ਼ਨਰੀ’ ਦਾ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ ਲਗਪਗ 64 ਸਿਖਿਆਰਥੀਆਂ ਨੇ ਹਿੱਸਾ ਲਿਆ। ਐਸੋਸੀਏਟ ਡਾਇਰੈਕਟਰ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਇਹ ਕੋਰਸ ਅਜੋਕੇ ਸਮੇਂ ਦੀ ਮੰਗ ਨੂੰ ਦੇਖਦੇ ਹੋਏ ਸਿਖਿਆਰਥੀਆਂ ਲਈ ਲਗਾਇਆ ਗਿਆ। ਕੋਰਸ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਵਿੱਚ ਡਾ. ਸੋਨਿਕਾ ਸ਼ਰਮਾ, ਡਾ. ਨਵਜੋਤ ਕੌਰ ਅਤੇ ਡਾ. ਅਮਰਜੀਤ ਕੌਰ ਨੇ ਆਟੇ ਦੇ ਬਿਸਕੁਟ, ਨਮਕੀਨ ਬਿਸਕੁਟ ਅਤੇ ਕੋਕੋ ਬਿਸਕੁਟ, ਬਰੈਡ ਅਤੇ ਚੈਰੀ ਬੰਨਜ ਬਨਾਉਣੇ ਸਿਖਾਏ। ਡਾ. ਜਸਵਿੰਦਰ ਕੌਰ ਬਰਾੜ ਅਤੇ ਡਾ. ਹਰਪ੍ਰੀਤ ਕੌਰ ਨੇ ਮਫਨਜ, ਕੋਕੋਨਟ ਕੈਸਲਜ, ਡੋਨਟਸ, ਕੈਰੇਮਲ ਕੇਕ, ਸਪੰਜ ਕੇਕ ਅਤੇ ਬਿਨਾਂ ਅੰਡੇ ਦਾ ਕੇਕ ਬਣਾ ਕੇ ਸਿਖਿਆਰਥੀਆਂ ਨੂੰ ਸਿਖਾਇਆ। ਪੀਏਯੂ ਦੇ ਸਫਲ ਉੱਦਮੀ ਮਨਜੀਤ ਕੌਰ ਨੇ ਕੇਕ ਦੀ ਸਜਾਵਟ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਕੋਰਸ ਦੇ ਤਕਨੀਕੀ ਮਾਹਿਰ ਡਾ. ਜਸਵਿੰਦਰ ਕੌਰ ਬਰਾੜ ਸਨ। ਅਖੀਰ ਵਿੱਚ ਕੰਵਲਜੀਤ ਕੌਰ ਨੇ ਸਾਰੇ ਸਿਖਿਆਰਥੀਆਂ ਦਾ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦਾ ਧੰਨਵਾਦ ਕੀਤਾ।