ਪੱਤਰ ਪ੍ਰੇਰਕ
ਸਮਰਾਲਾ, 10 ਫਰਵਰੀ
ਅੱਜ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਬਲਬੀਰ ਸਿੰਘ ਰਾਜੇਵਾਲ ਨੇ ਆਪਣੇ ਸਾਥੀਆਂ ਨਾਲ ਵੱਖ-ਵੱਖ ਪਿੰਡ ਨੀਲੋਂ ਖੁਰਦ, ਨੀਲੋਂ ਕਲਾਂ, ਮਾਦਪੁਰ, ਚਹਿਲਾਂ, ਲੱਧੜਾਂ, ਰੋਹਲੇ, ਢੰਡੇ, ਜਲਾਹਮਾਜਰਾ, ਗੜ੍ਹੀ ਤਰਖਾਣਾ, ਊਰਨਾਂ, ਪਾਲ ਮਾਜਰਾ ਅਤੇ ਸਮਰਾਲਾ ਸ਼ਹਿਰ ਦਾ ਦੌਰਾ ਕੀਤਾ। ਚੋਣ ਪ੍ਰਚਾਰ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਸੰਯੁਕਤ ਸਮਾਜ ਮੋਰਚੇ ਵੱਲੋਂ ਚੋਣਾਂ ਲੜਨ ਦਾ ਮੁੱਖ ਕਾਰਨ ਪੰਜਾਬ ਨੂੰ ਬਚਾਉਣ ਦਾ ਦੱਸਿਆ ਕਿਉਂਕਿ ਅੱਜ ਦੀ ਰਾਜਨੀਤੀ ਇੰਨੀ ਗੰਦੀ ਅਤੇ ਭ੍ਰਿਸ਼ਟ ਹੋ ਚੁੱਕੀ ਹੈ ਕਿ ਇਨ੍ਹਾਂ ਰਵਾਇਤੀ ਪਾਰਟੀਆਂ ਦੇ ਨੁਮਾਇੰਦੇ ਆਪਣੇ ਨਿੱਜੀ ਲਾਭਾਂ ਲਈ ਪੰਜਾਬ ਤੱਕ ਨੂੰ ਗਿਰਵੀ ਰੱਖਣ ਲਈ ਤਿਆਰ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਸੰਯੁਕਤ ਸਮਾਜ ਮੋੋਰਚੇ ਦਾ ਸਾਥ ਦੇਣ ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ। ਉਨ੍ਹਾਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਤੁਸੀਂ ਜਿਸ ਵਿਕਾਸ ਦੇ ਨਾਮ ਵੋਟਾਂ ਮੰਗ ਰਹੇ ਹੋ, ਉਹ ਦੱਸਣ ਕਿ ਕਿਹੜਾ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਗੱਲ ਕਰੀਏ ਤਾਂ ਉਹ ਔਰਤਾਂ ਨੂੰ 1000 ਰੁਪਏ ਦੇਣ ਦਾ ਝੂਠਾ ਵਾਅਦਾ ਤਾਂ ਕਰ ਰਹੇ ਹਨ ਪਰ ਖਜ਼ਾਨਾ ਖਾਲੀ ਹੋਣ ਕਾਰਨ ਉਹ ਕਿੱਥੋਂ ਦੇਣਗੇ, ਉਨ੍ਹਾਂ ਦਾ ਮੁੱਖ ਮਕਸਦ ਪੰਜਾਬ ਵਿੱਚ ਸੱਤਾ ਹਾਸਲ ਕਰਕੇ, ਐੱਸਵਾਈਐੱਲ ਨਹਿਰ ਨੂੰ ਦੋਬਾਰਾ ਖੋਦ ਕੇ ਪੰਜਾਬ ਦਾ ਪਾਣੀ ਦਿੱਲੀ ਲੈ ਕੇ ਜਾਣਾ ਹੈ। ਇਸ ਮੌਕੇ ਹਰਦੀਪ ਸਿੰਘ ਗਿਆਸਪੁਰਾ, ਰਾਜਵੰਤ ਸਿੰਘ ਕੂੰਨਰ, ਜਸਮੇਲ ਸਿੰਘ ਢੰਡਾ ਆਦਿ ਹਾਜ਼ਰ ਸਨ।