ਨਿੱਜੀ ਪੱਤਰ ਪ੍ਰੇਰਕ
ਖੰਨਾ, 22 ਜੂਨ
ਮਜ਼ਦੂਰ ਯੂਨੀਅਨ ਅਤੇ ਮੋਲਡਰ ਐਂਡ ਸਟੀਮ ਵਰਕਰਜ਼ ਯੂਨੀਅਨ ਦੇ ਮੈਂਬਰਾਂ ਨੇ ਅੱਜ ਇਥੇ ਮਜ਼ਦੂਰ ਹਿੱਤਾਂ ਨੂੰ ਰੋਲਣ ਵਾਲੀ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਰੋਹ ਭਰਪੂਰ ਧਰਨਾ ਦਿੱਤਾ। ਇਸ ਮੌਕੇ ਮਲਕੀਤ ਸਿਘ ਅਤੇ ਹਰਜਿੰਦਰ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਵੱਡੇ ਕਾਰਪੋਰੇਟ ਘਰਾਣਿਆਂ, ਬਹੁਕੌਮੀ ਕੰਪਨੀਆਂ ਅਤੇ ਪੂੰਜੀਪਤੀਆਂ ਨੂੰ ਮਜ਼ਦੂਰਾਂ ਦੀ ਵਹਿਸ਼ੀ ਲੁੱਟ ਕਰਨ ਦਾ ਰਾਹ ਖੋਲ੍ਹ ਦਿੱਤਾ ਹੈ। ਜੇਕਰ ਕਿਰਤ ਕਾਨੂੰਨਾਂ ਦੀ ਥਾਂ ਚਾਰ ਲੇਬਰ ਕੋਡ ਅਮਲੀ ਰੂਪ ਵਿਚ ਲਾਗੂ ਹੁੰਦਾ ਹੈ ਤਾਂ ਮਜ਼ਦੂਰਾਂ ਨੂੰ 8 ਘੰਟੇ ਦੀ ਥਾਂ 12 ਘੰਟੇ ਕੰਮ ਕਰਨਾ ਪਵੇਗਾ। ਮਜ਼ਦੂਰ ਆਗੂਆਂ ਨੇ ਮੰਗ ਕੀਤੀ ਕਿ ਕਿਰਤ ਕਾਨੂੰਨਾਂ ਦੀ ਮੁੜ ਬਹਾਲੀ, ਹਰ ਅਦਾਰੇ ਅੰਦਰ 8 ਘੰਟੇ ਦਿਹਾੜੀ ਲਾਗੂ ਕਰਨ, ਪੱਕਾ ਗਾਰੰਟੀ ਰੁਜ਼ਗਾਰ ਦੇਣ, ਮਜ਼ਦੂਰਾਂ ਦੀਆਂ ਜ਼ਬਰੀ ਛਾਂਟੀਆਂ ਬੰਦ ਕਰਨ, ਮਗਨਰੇਗਾ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਦੇਣ, ਰਹਿੰਦੇ ਬਕਾਏ ਜਾਰੀ ਕਰਨ, ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਅਲਾਟ ਕੀਤੇ ਜਾਣ ਤੇ ਪੰਜਾਬ ਸਰਕਾਰ ਸ਼ਗਨ ਸਕੀਮ ਰਾਸ਼ੀ ਤੁਰੰਤ ਜਾਰੀ ਕਰੇ। ਆਗੂਆਂ ਨੇ ‘ਅਗਨੀਪਥ ਯੋਜਨਾ’ ਰੱਦ ਕਰਨ ਦੀ ਮੰਗ ਵੀ ਕੀਤੀ।