ਸੰਤੋਖ ਗਿੱਲ
ਗੁਰੂਸਰ ਸੁਧਾਰ, 21 ਸਤੰਬਰ
ਬੀਤੀ ਅੱਧੀ ਰਾਤ ਨੂੰ ਪਿੰਡ ਪਮਾਲ ਵਿਚ ਗੁੱਗਾ ਮਾੜੀ ‘ਤੇ ਮੱਥਾ ਟੇਕ ਕੇ ਵਾਪਸ ਜਾ ਰਹੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਟਰੈਕਟਰ ਟਰਾਲੀ ਵੱਲੋਂ ਦਰੜ ਦਿੱਤਾ ਗਿਆ। ਗੰਭੀਰ ਜ਼ਖ਼ਮੀ ਬਲਜਿੰਦਰ ਕੌਰ ਵਾਸੀ ਪਿੰਡ ਦੋਲੋਂ ਖ਼ੁਰਦ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਜਦਕਿ ਉਸ ਦੇ ਪਤੀ ਪਿਆਰਾ ਸਿੰਘ ਦਾ ਚੂਲਾ ਟੁੱਟ ਗਿਆ ਹੈ। ਟਰੈਕਟਰ ਟਰਾਲੀ ਪਿਆਰਾ ਸਿੰਘ ਦੇ ਸਰੀਰ ਉੱਪਰੋਂ ਲੰਘ ਜਾਣ ਕਾਰਨ ਬਾਕੀ ਸਰੀਰ ਵੀ ਛਲਣੀ ਹੋ ਗਿਆ ਹੈ ਅਤੇ ਉਹ ਲੁਧਿਆਣਾ ਦੇ ਹਸਪਤਾਲ ਵਿਚ ਇਲਾਜ ਅਧੀਨ ਹੈ। ਥਾਣਾ ਜੋਧਾਂ ਵਿਚ ਅਣਪਛਾਤੇ ਟਰੈਕਟਰ ਚਾਲਕ ਵਿਰੁੱਧ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਪਿੰਡ ਪਮਾਲ ਵਿਚ ਇੱਕ ਡਾਕਟਰ ਦੇ ਨਿੱਜੀ ਕਲੀਨਿਕ ਨੇੜੇ ਤੇਜ਼ ਰਫ਼ਤਾਰ ਟਰੈਕਟਰ ਚਾਲਕ ਨੇ ਲਾਪ੍ਰਵਾਹੀ ਨਾਲ ਕੱਟ ਮਾਰਿਆ ਅਤੇ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਲਪੇਟ ਵਿਚ ਲੈ ਲਿਆ। ਸੜਕ ਉੱਪਰ ਡਿੱਗੇ ਪਤੀ-ਪਤਨੀ ਦੇ ਉੱਪਰੋਂ ਲੰਘ ਰਹੇ ਟਰੈਕਟਰ ਟਰਾਲੀ ਨੇ ਉਨ੍ਹਾਂ ਨੂੰ ਦੂਰ ਤੱਕ ਘੜੀਸਿਆ। ਜਾਂਚ ਅਫ਼ਸਰ ਥਾਣੇਦਾਰ ਗੁਰਮੀਤ ਸਿੰਘ ਅਨੁਸਾਰ ਮੋਟਰਸਾਈਕਲ ਚਾਲਕ ਪਿਆਰਾ ਸਿੰਘ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਟਰੈਕਟਰ ਚਾਲਕ ਦੀ ਪਛਾਣ ਲਈ ਯਤਨ ਜਾਰੀ ਹਨ।