ਲੁਧਿਆਣਾ: ਡੀਐੱਮਸੀ ਹਸਪਤਾਲ ’ਚ ਇਲਾਜ ਅਧੀਨ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰੀ ਤੋਂ ਪ੍ਰੇਸ਼ਾਨ ਚੱਲ ਰਹੇ ਨੌਜਵਾਨ ਨੇ ਚਾਕੂ ਨਾਲ ਨਸ ਕੱਟ ਕੇ ਗਰਦਨ ’ਤੇ ਵਾਰ ਕਰ ਲਿਆ। ਜਿਸ ਕਾਰਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹੁਸ਼ਿਆਰਪੁਰ ਵਾਸੀ 32 ਸਾਲਾਂ ਨਵਜੋਤ ਸਿੰਘ ਦੇ ਰੂਪ ’ਚ ਹੋਈ ਹੈ। ਜਿਸਦੀ ਸੂਚਨਾ ਮਿਲਣ ’ਤੇ ਥਾਣਾ ਡਵੀਜ਼ਨ ਨੰ. 8 ਦੇ ਅਧੀਨ ਆਉਂਦੀ ਡੀਐਮਸੀ ਚੌਕੀ ਦੀ ਪੁਲੀਸ ਨੇ ਪੁੱਜ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਕਰ ਪੋਸਰਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਡੀਐੱਮਸੀ ਚੌਕੀ ਇੰਚਾਰਜ ਸਤਨਾਮ ਸਿੰਘ ਭੁੱਲਰ ਨੇ ਦੱਸਿਆ ਕਿ ਨਵਜੋਤ ਸਿੰਘ ਖੇਤੀ ਦਾ ਕੰਮ ਕਰਦਾ ਸੀ। ਪਿਛਲੇਂ ਕਾਫ਼ੀ ਸਮੇਂ ਤੋਂ ਉਹ ਬੀਮਾਰ ਹੋਣ ਕਾਰਨ ਇੱਕ ਲੱਤ ’ਚ ਇਨਫੈਕਸ਼ਨ ਫੈਲਣ ਕਾਰਨ ਡੀਐੱਮਸੀ ਹਸਪਤਾਲ ’ਚ ਚਾਰ ਦਿਨ ਪਹਿਲਾਂ ਦਾਖਲ ਹੋਇਆ ਸੀ, ਜਿੱਥੇ ਡਾਕਟਰਾਂ ਨੇ ਸਰਜਰੀ ਕਰ ਉਸਦੀ ਲੱਤ ਕੱਟ ਦਿੱਤੀ ਤੇ ਜਦੋਂ ਉਸਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਪ੍ਰੇਸ਼ਾਨ ਹੋ ਗਿਆ। ਜਦੋਂ ਨਵਜੋਤ ਸਿੰਘ ਦੇ ਪਰਿਵਾਰ ਨੇ ਇਹ ਸਭ ਦੇਖਿਆ ਤਾਂ ਉਨ੍ਹਾਂ ਰੌਲਾ ਪਾਇਆ। ਡਾਕਟਰਾਂ ਨੇ ਆ ਕੇ ਜਦੋਂ ਨਵਜੋਤ ਦੀ ਜਾਂਚ ਕੀਤੀ ਤਾਂ ਉਸਨੂੰ ਮ੍ਰਿਤਕ ਐਲਾਨ ਦਿੱਤਾ। -ਟਨਸ