ਗੁਰਿੰਦਰ ਸਿੰਘ
ਲੁਧਿਆਣਾ, 10 ਜੂਨ
ਥਾਣਾ ਬਸਤੀ ਜੋਧੇਵਾਲ ਦੇ ਇਲਾਕਾ ਕ੍ਰਿਸ਼ਨਾ ਕਲੋਨੀ ਸਥਿਤ ਇੱਕ ਇਕਕਾਂਤਵਾਸ ਕੇਂਦਰ ਦੀ ਪਾਣੀ ਵਾਲੀ ਟੈਂਕੀ ਵਿੱਚ ਜ਼ਹਿਰੀਲਾ ਪਦਾਰਥ ਸੁੱਟਣ ਦੇ ਦੋਸ਼ ਹੇਠ ਪੁਲੀਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਜਾਂਚ ਅਧਿਕਾਰੀ ਰਾਧੇ ਸ਼ਾਮ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਗਲੀ ਨੰਬਰ-9, ਕ੍ਰਿਸ਼ਨਾ ਕਲੋਨੀ ਵਿੱਚ ਇਕਾਂਤਵਾਸ ਕੇਂਦਰ ਬਣਾਇਆ ਗਿਆ ਹੈ ਜਿਸ ’ਚ ਕਰੋਨਾ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਕੁੱਝ ਲੋਕਾਂ ਨੂੰ ਰੱਖਿਆ ਗਿਆ ਹੈ। ਸਬ ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾ, ਸਿਪਾਹੀ ਰਾਜਿੰਦਰ ਸਿੰਘ ਤੇ ਗੁਰਪਿੰਦਰ ਸਿੰਘ ਨੂੰ ਇੱਥੇ ਨਿਯੁਕਤ ਕੀਤਾ ਹੋਇਆ ਹੈ। ਕੱਲ੍ਹ ਦੁਪਹਿਰ ਜਦੋਂ ਪਿਆਸ ਲੱਗਣ ’ਤੇ ਸਿਪਾਹੀ ਗੁਰਪਿੰਦਰ ਸਿੰਘ ਨੇ ਪਾਣੀ ਪੀਤਾ ਤਾਂ ਉਸ ਨੂੰ ਪਾਣੀ ਵਿੱਚੋਂ ਫਰਨੈਲ ਦੀ ਬਦਬੂ ਆਈ। ਅਗਲੇ ਦਿਨ ਫਿਰ ਜਦੋਂ ਉਸ ਨੂੰ ਪਾਣੀ ਵਿੱਚੋਂ ਦਵਾਈ ਦੀ ਬਦਬੂ ਆਈ ਤਾਂ ਉਨ੍ਹਾਂ ਪਾਣੀ ਵਾਲੀ ਟੈਂਕੀ ਚੈੱਕ ਕੀਤੀ ਤਾਂ ਉਸ ਵਿੱਚ ਜ਼ਹਿਰੀਲਾ ਪਦਾਰਥ ਡਿੱਗਿਆ ਪਾਇਆ ਗਿਆ। ਉਨ੍ਹਾਂ ਨੂੰ ਪਤਾ ਲੱਗਿਆ ਕਿ ਨੀਤਿਕਾ ਖੁਸ਼ੀ ਵਾਸੀ ਕ੍ਰਿਸ਼ਨਾ ਕਲੋਨੀ, ਗੌਰਵ ਵਾਸੀ ਚੂਹੜਪੁਰ ਤੇ ਸਿਮਰਨ ਵਾਸੀ ਚੂਹੜਪੁਰ ਨੇ ਇਕਾਂਤਵਾਸੀ ਕੇਂਦਰ ਤਬਦੀਲ ਕਰਾਉਣ ਲਈ ਇਹ ਕਾਰਾ ਕੀਤਾ।