ਸੰਤੋਖ ਗਿੱਲ
ਗੁਰੂਸਰ ਸੁਧਾਰ, 14 ਫਰਵਰੀ
ਓਲੰਪੀਅਨ ਕਰਨਲ ਜਸਵੰਤ ਸਿੰਘ ਗਿੱਲ, ਏਸ਼ੀਅਨ ਚੈਂਪੀਅਨ ਕੈਪਟਨ ਕਰਨੈਲ ਸਿੰਘ ਗਿੱਲ ਨੂੰ ਸਮਰਪਿਤ ਸੁਧਾਰ ਟੂਰਨਾਮੈਂਟ ਵਿਚ ਕਬੱਡੀ ਓਪਨ ਕਲਸੀਆਂ, ਹਾਕੀ ਛੱਜਾਵਾਲ ਅਤੇ ਫੁਟਬਾਲ ਦਾ ਖ਼ਿਤਾਬ ਮੇਜ਼ਬਾਨ ਸੁਧਾਰ ਨੇ ਜਿੱਤਿਆ। ਗੁਰੂ ਹਰਗੋਬਿੰਦ ਸਪੋਰਟਸ ਕਲੱਬ ਸੁਧਾਰ ਵੱਲੋਂ ਇਸ ਵਾਰ ਦਾ ਖੇਡ ਮੇਲਾ ਕਿਸਾਨੀ ਘੋਲ ਦੇ ਸ਼ਹੀਦਾਂ ਤੋਂ ਇਲਾਵਾ ਦੋ ਵੱਡੀਆਂ ਖੇਡ ਹਸਤੀਆਂ ਨੂੰ ਸਮਰਪਿਤ ਕੀਤਾ ਗਿਆ ਸੀ।
ਟੂਰਨਾਮੈਂਟ ਦੇ ਆਖ਼ਰੀ ਦਿਨ ਕਬੱਡੀ ਓਪਨ ਦਾ ਖ਼ਿਤਾਬ ਕਲਸੀਆਂ ਦੀ ਟੀਮ ਨੇ ਰਾਏਕੋਟ ਨੂੰ ਹਰਾ ਕੇ ਜਿੱਤ ਲਿਆ ਜਦਕਿ 65 ਕਿੱਲੋਗਰਾਮ ਵਿਚ ਸੁਧਾਰ (ਧਾਲੀਵਾਲ) ਦੀ ਟੀਮ ਜੇਤੂ ਰਹੀ। ਹਾਕੀ ਵਿਚ ਛੱਜਾਵਾਲ ਦੀ ਟੀਮ ਨੇ ਮੀਨੀਆ ਦੀ ਟੀਮ ਨੂੰ ਹਰਾ ਕੇ ਖ਼ਿਤਾਬ ਜਿੱਤ ਲਿਆ ਜਦਕਿ ਫੁਟਬਾਲ ਵਿਚ ਮੇਜ਼ਬਾਨ ਸੁਧਾਰ ਨੇ ਜਾਂਗਪੁਰ ਪਛਾੜਿਆ। ਖੇਡ ਮੇਲੇ ਦੇ ਮੁੱਖ ਮਹਿਮਾਨ ਸ਼ੂਟਿੰਗ ਵਿਚ ਕੌਮਾਂਤਰੀ ਪ੍ਰਸਿੱਧੀ ਵਾਲੇ ਕੋਚ ਸਾਬਕਾ ਇੰਸਪੈਕਟਰ ਜਨਰਲ ਤੇਜਿੰਦਰ ਸਿੰਘ ਢਿੱਲੋਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਇਨਾਮ ਵੀ ਤਕਸੀਮ ਕੀਤੇ। ਇਸ ਮੌਕੇ ਕਲੱਬ ਪ੍ਰਧਾਨ ਚਰਨਜੀਤ ਸਿੰਘ ਗਿੱਲ, ਸਰਪੰਚ ਹਰਮਿੰਦਰ ਸਿੰਘ ਗਿੱਲ, ਮੁਖ਼ਤਿਆਰ ਸਿੰਘ ਕੈਨੇਡਾ, ਰਣਜੀਤ ਸਿੰਘ ਗਿੱਲ ਅਮਰੀਕਾ ਵੀ ਮੌਜੂਦ ਸਨ।