ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਅਕਤੂਬਰ
ਕੁੱਲ ਹਿੰਦ ਕਿਸਾਨ ਸਭਾ 1936 ਦੀ ਜ਼ਿਲ੍ਹਾ ਲੁਧਿਆਣਾ ਇਕਾਈ ਦੀ ਮੀਟਿੰਗ ’ਚ ਸੂਬਾ ਸਰਕਾਰ ਨੂੰ ਡੀਏਪੀ ਖਾਦ ਦੀ ਘਾਟ ਨੂੰ ਪੂਰਾ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮੀਟਿੰਗ ਵਿੱਚ ਕਾਰਜਕਾਰੀ ਪ੍ਰਧਾਨ ਜਸਵੀਰ ਝੱਜ, ਜਨਰਲ ਸਕੱਤਰ ਚਮਕੌਰ ਸਿੰਘ ਬਰਮੀ ਤੇ ਖਜ਼ਾਨਚੀ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਸਰਕਾਰ ਸੱਤ ਮਹੀਨੇ ਪਹਿਲਾਂ ਕੀਤੇ ਹੋਏ ਵਾਅਦੇ ਕਿ ‘ਕਿਸਾਨ ਨੂੰ ਕੋਈ ਮੁਸ਼ਕਲ ਨਹੀਂ ਆਉਣ ਦੇਵਾਂਗੇ’ ਉੱਤੇ ਅਮਲ ਕਰਦਿਆਂ ਡੀਏਪੀ ਖਾਦ ਦੀ ਪੂਰਤੀ ਸਹੀ ਭਾਅ ’ਤੇ ਸਮਾਂ ਰਹਿੰਦੇ ਹੋਏ ਕਰੇ।
ਕਿਸਾਨ ਆਗੂਆਂ ਨੇ ਕਿਹਾ ਕਿ ਆਲੂਆਂ ਅਤੇ ਕਣਕ ਦੀ ਬਿਜਾਈ ਸ਼ੁਰੂ ਹੋ ਗਈ ਹੈ। ਇਸ ਕਰ ਕੇ ਸਰਕਾਰ ਨੂੰ ਡੀਏਪੀ ਖਾਦ ਦੀ ਪੂਰਤੀ ਬਿਨਾਂ ਕਿਸੇ ਦੇਰੀ ਤੋਂ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਕਿਸਾਨ ਵੱਲੋਂ ਕੀਤੇ ਉਪਰਾਲੇ ਵੀ ਦਿਖਾਈ ਨਹੀਂ ਦੇ ਰਹੇ। ਪਰਾਲੀ ਅਤੇ ਜੀਰੀ ਦੇ ਫੂਸ ਨੂੰ ਨਿਪਟਾਉਣ ਲਈ ਸਰਕਾਰ ਮਸ਼ੀਨਰੀ ਤੱਕ ਮੁਹੱਈਆ ਨਹੀਂ ਕਰਵਾ ਸਕੀ। ਉਨ੍ਹਾਂ ਨੇ ਸਰਕਾਰ ਨੂੰ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਮਾਲੀ ਮੱਦਦ ਤੇ ਮਸ਼ੀਨਰੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਝੱਜ, ਨਛੱਤਰ ਸਿੰਘ ਪੰਧੇਰ, ਕੇਵਲ ਸਿੰਘ ਮੰਜਾਲੀਆਂ, ਜੰਗ ਸਿੰਘ ਸਿਰਥਲਾ, ਜਗਦੀਸ਼ ਰਾਏ, ਮਨਦੀਪ ਸਿੰਘ ਦੀਪਾ, ਰਵਿੰਦਰ ਸਿੰਘ ਰੋਮੀ, ਇਕਬਾਲ ਸਿੰਘ ਅਜਨੌਦ, ਅਮਰ ਸਿੰਘ, ਸੁਦਾਗਰ ਸਿੰਘ, ਕਰਮ ਸਿੰਘ ਜਟਾਣਾ ਆਦਿ ਨੇ ਵੀ ਕਿਸਾਨਾਂ ਦੀ ਹਮਾਇਤ ਦਾ ਸਮਰਥਨ ਕੀਤਾ।