ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਅਕਤੂਬਰ
ਸਥਾਨਕ ਰਾਏਕੋਟ ਮਾਰਗ ਸਥਿਤ ਥਾਣਾ ਸਿਟੀ ਅੱਗੇ ਲੋਕਾਂ ਦਾ ਧਰਨਾ ਜਾਰੀ ਹੈ ਅਤੇ ਧਰਨਾਕਾਰੀਆਂ ਨੇ ਦੀਵਾਲੀ ਵੀ ਧਰਨੇ ’ਚ ਹੀ ਮਨਾਈ। ਧਰਨੇ ‘ਚ ਸ਼ਾਮਲ ਜਨਤਕ ਜਥੇਬੰਦੀਆਂ ਕੁਲਵੰਤ ਕੌਰ ਰਸੂਲਪੁਰ ਦੀ ਕਥਿਤ ਪੁਲੀਸ ਤਸ਼ੱਦਦ ਨਾਲ ਹੋਈ ਮੌਤ ਦੇ ਮਾਮਲੇ ‘ਚ ਨਾਮਜ਼ਦ ਡੀਐੱਸਪੀ ਸਮੇਤ ਚਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੀਆਂ ਹਨ। ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਹੋਏ ਨੂੰ ਕਈ ਮਹੀਨੇ ਬੀਤੇ ਚੁੱਕੇ ਹਨ ਪਰ ਇਨ੍ਹਾਂ ਦੀ ਗ੍ਰਿਫ਼ਤਾਰੀ ਹਾਲੇ ਤੱਕ ਨਹੀਂ ਹੋਈ। ਧਰਨਾਕਾਰੀਆਂ ਨੇ ਦੀਵਾਲੀ ਦੇ ਦਿਨ ਥਾਣੇ ਮੂਹਰੇ ਸਰਕਾਰ ਤੇ ਪੰਜਾਬ ਪੁਲੀਸ ਖ਼ਿਲਾਫ਼ ਰੋਸ ਵਜੋਂ ਨਾਅਰੇਬਾਜ਼ੀ ਕੀਤੀ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਬਲਵਿੰਦਰ ਸਿੰਘ ਪੋਨਾ, ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜੱਗਾ ਸਿੰਘ ਢਿੱਲੋਂ, ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਢੋਲਣ, ਕੁੰਢਾ ਸਿੰਘ ਕਾਉਂਕੇ, ਸਾਧੂ ਸਿੰਘ ਅੱਚਰਵਾਲ ਨੇ ਪੁਲੀਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਦੀ ਨਿਖੇਧੀ ਕੀਤੀ ਤੇ ਸੱਤਾਧਾਰੀ ਲੀਡਰਾਂ ਖ਼ਿਲਾਫ਼ ਵੀ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਹੁਕਮਾਂ ਦੇ ਬਾਵਜੂਦ ਪੁਲੀਸ ਅਧਿਕਾਰੀ ਪੀੜਤ ਪਰਿਵਾਰ ਨੂੰ ਨਿਆਂ ਦੇਣ ਦੀ ਬਜਾਏ ਮੁਲਜ਼ਮਾਂ ਦਾ ਬਚਾਅ ਕਰਨ ਲਈ ਵਿਉਂਤਾਂ ਗੁੰਦ ਰਹੇ ਜਾਪਦੇ ਹਨ। ਇਕਬਾਲ ਸਿੰਘ ਰਸੂਲਪੁਰ ਨੇ ਕਿਹਾ ਕਿ ਕਹਿਣ ਨੂੰ ਕਾਨੂੰਨ ਸਭ ਭਾਰਤੀਆਂ ਲਈ ਬਰਾਬਰ ਹੈ ਪਰ ਮੌਜੂਦਾ ਪ੍ਰਬੰਧ ‘ਚ ਕਿਰਤੀ ਲੋਕਾਂ ਦੀ ਕੋਈ ਸੁਣਵਾਈ ਨਹੀਂ। ਉਨ੍ਹਾਂ ਕਿਹਾ ਕਿ ਪੁਲੀਸ-ਸਿਆਸੀ-ਗੁੰਡਾ ਗਠਜੋੜ ਕਾਨੂੰਨ ਨੂੰ ਆਪਣੀ ਮਰਜ਼ੀ ਅਨੁਸਾਰ ਵਰਤ ਰਿਹਾ ਹੈ। ਧਰਨਾਕਾਰੀਆਂ ਨੇ ਕਿਹਾ ਕਿ 23 ਮਾਰਚ ਸ਼ਹੀਦ ਭਗਤ ਸਿੰਘ ਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਵਾਲੇ ਦਿਨ ਤੋਂ ਸ਼ੁਰੂ ਹੋਏ ਧਰਨੇ ਨੂੰ ਅੱਜ 7 ਮਹੀਨੇ ਤੋਂ ਉੱਪਰ ਦਾ ਸਮਾਂ ਲੰਘ ਗਿਆ ਹੈ। ਇਸੇ ਤਰ੍ਹਾਂ ਪਰਚਾ ਦਰਜ ਹੋਏ ਨੂੰ ਇਸ ਤੋਂ ਵੀ ਵੱਧ ਸਮਾਂ ਬੀਤ ਚੁੱਕਾ ਹੈ ਪਰ ਗ੍ਰਿਫ਼ਤਾਰੀਆਂ ਨਹੀਂ ਹੋਈਆਂ। ਇਸ ਮੌਕੇ ਬੀਕੇਯੂ (ਡਕੌਂਦਾ) ਦੇ ਝੰਡਾ ਸਿੰਘ ਲੀਲਾਂ, ਬੰਤਾ ਸਿੰਘ ਚਾਹਲ, ਜਗਰੂਪ ਸਿੰਘ, ਮਹਿੰਦਰ ਸਿੰਘ, ਜਥੇਦਾਰ ਚੜ੍ਹਤ ਸਿੰਘ, ਠੇਕੇਦਾਰ ਅਵਤਾਰ ਸਿੰਘ, ਰੂਪ ਸਿੰਘ ਆਦਿ ਮੌਜੂਦ ਸਨ।