ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 12 ਜੂਨ
ਕੁਲਵੰਤ ਕੌਰ ਰਸੂਲਪੁਰ ਦੀ ਕਥਿਤ ਪੁਲੀਸ ਤਸ਼ੱਦਦ ਨਾਲ ਹੋਈ ਮੌਤ ਦੇ ਮਾਮਲੇ ’ਚ ਨਾਮਜ਼ਦ ਡੀਐੱਸਪੀ ਸਣੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਰੋਸ ’ਚ ਸੰਘਰਸ਼ ਕਰ ਰਹੀਆਂ ਜਨਤਕ ਜਥੇਬੰਦੀਆਂ ਨੇ ਹੁਣ ਪੁਲੀਸ ਹੈੱਡਕੁਆਰਟਰ ਅੱਗੇ ਸੰਕੇਤਕ ਰੋਸ ਧਰਨਾ ਦੇਣ ਦਾ ਫ਼ੈਸਲਾ ਲਿਆ ਹੈ। ਜਥੇਬੰਦੀਆਂ ਦੇ ਆਗੂਆਂ ’ਚ ਰੋਸ ਹੈ ਸਥਾਨਕ ਥਾਣਾ ਸਿਟੀ ਅੱਗੇ 82 ਦਿਨ ਤੋਂ ਚੱਲ ਰਹੇ ਧਰਨੇ ਦੇ ਬਾਵਜੂਦ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਨੇ ਹਾਲੇ ਤੱਕ ਇਨਸਾਫ਼ ਦੇਣ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਸਣੇ ਕਈ ਅਧਿਕਾਰੀਆਂ ਨੇ ਇਨਸਾਫ਼ ਦਾ ਭਰੋਸਾ ਤਾਂ ਦਿੱਤਾ ਪਰ ਅਜੇ ਤਕ ਇਨਸਾਫ਼ ਨਹੀਂ ਮਿਲਿਆ। ਜਥੇਬੰਦੀਆਂ ਦੀ ਸਾਂਝੀ ਮੀਟਿੰਗ ’ਚ ਲਏ ਫੈਸਲ਼ੇ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ 15 ਜੂਨ ਨੂੰ 50 ਮੈਂਬਰਾਂ ਵੱਲੋਂ ਪੰਜਾਬ ਪੁਲੀਸ ਹੈੱਡਕੁਆਰਟਰ ਅੱਗੇ ਸੰਕੇਤਕ ਧਰਨਾ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਪਹਿਲੀ ਜੂਨ ਨੂੰ ਡੀਜੀਪੀ ਨੇ ਵਫ਼ਦ ਨੂੰ 15 ਦਿਨ ’ਚ ਗ੍ਰਿਫ਼ਤਾਰੀਆਂ ਦਾ ਭਰੋਸਾ ਦਿੱਤਾ ਸੀ ਪਰ ਇਸ ਸਬੰਧੀ ਅਜੇ ਤਕ ਕਾਰਵਾਈ ਦਿਖਾਈ ਨਹੀਂ ਦੇ ਰਹੀ।