ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਅਗਸਤ
ਸਥਾਨਕ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਲੁਧਿਆਣਾ ਵੱਲੋਂ ਅੱਜ ਅੰਤਰਰਾਸ਼ਟਰੀ ਯੂਥ ਦਿਵਸ ਨੂੰ ਨਸ਼ਾ ਵਿਰੋਧੀ ਦਿਵਸ ਵਜੋਂ ਮਨਾਇਆ ਗਿਆ। ਨਸ਼ਾ ਮੁਕਤ ਭਾਰਤ ਅਭਿਆਨ ਮੁੰਹਿਮ ਤਹਿਤ ਕਰਵਾਏ ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਪ੍ਰਿੰਸੀਪਲ , ਸਮੂਹ ਸਟਾਫ, ਵਿਦਿਆਰਥੀਆਂ, ਐੱਨਐੱਸਐੱਸ ਵਾਲੰਟੀਅਰ, ਐੱਨਸੀਸੀ ਕੈਡਿਟਾਂ ਨੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਲਈ ਅਹਿਦ ਲਿਆ। ਇਸ ਮੌਕੇ ਪ੍ਰਿੰਸੀਪਲ ਡਾਕਟਰ ਪ੍ਰੋ. ਪ੍ਰਦੀਪ ਸਿੰਘ ਵਾਲੀਆ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਗੁਣਾਂ ਨੂੰ ਧਾਰਨ ਕਰ ਕੇ ਨਸ਼ਾ ਮੁਕਤ ਭਾਰਤ ਸਿਰਜਣ ਦੀ ਤਾਕੀਦ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਤਿਰੰਗੇ ਦਾ ਸਨਮਾਨ ਬਣਾਏ ਰੱਖਣ ਲਈ ਪ੍ਰੇਰਿਆ। ਸਾਬਕਾ ਪ੍ਰਿੰਸੀਪਲ ਡਾ. ਗੁਰਪ੍ਰੀਤ ਕੌਰ ਨੇ ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਰਾਸ਼ਟਰ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਰੈੱਡ ਰਬਿਨ ਕਲੱਬ ਵਲੋਂ ਵਿਦਿਆਰਥੀਆਂ ਦੀ ਭਾਸ਼ਣ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ’ਚ ਕਸ਼ਿਸ਼ ਗੋਲਨ ਨੇ ਪਹਿਲਾ ਸਥਾਨ, ਵਰਿਧੀ ਜੈਨ ਨੇ ਦੂਜਾ ਸਥਾਨ , ਸਮੀਰ ਅਤੇ ਪ੍ਰਣਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ।