ਪੱਤਰ ਪ੍ਰੇਰਕ
ਮਾਛੀਵਾੜਾ, 9 ਜੂਨ
ਭਾਰਤੀ ਕਿਸਾਨ ਯੂਨੀਅਨ ਨੇ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ’ਚ ਅਥਾਹ ਵਾਧਾ ਹੋਣ ਬਾਰੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਦੇ ਤਾਜ਼ਾ ਬਿਆਨ ਨੂੰ ਬਚਗਾਨਾ ਅਤੇ ਤੱਥਾਂ ਤੋਂ ਕੋਹਾਂ ਦੂਰ ਗਰਦਾਨਿਆ।
ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਤੋਮਰ ਵੱਲੋਂ ਸਰ੍ਹੋਂ ਦੇ ਤੇਲ ਦੀਆਂ ਕੀਮਤਾਂ ਵਧਣ ਨਾਲ ਕਿਸਾਨਾਂ ਦਾ ਲਾਭ ਹੋਣ ਦੀ ਹਾਸੋਹੀਣੀ ਦਲੀਲ ਭਾਜਪਾ ਸਰਕਾਰ ਦਾ ਇੱਕ ਹੋਰ ਜੁਮਲਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮੰਤਰੀ ਦਾ ਇਹ ਜੁਮਲਾ ਉਨ੍ਹਾਂ ਦੀ ਖੇਤੀ ਪ੍ਰਤੀ ਘੱਟ ਸਮਝ, ਰਾਜਸੀ ਸੂਝਬੂਝ ਦਾ ਨੀਵਾਂਪਣ ਤੇ ਅਗਿਆਨਤਾ ਦਾ ਮੁਜ਼ਾਹਰਾ ਹੈ। ਕਿਸਾਨ ਆਗੂ ਨੇ ਕਿਹਾ ਕਿ ਦੇਸ਼ ਦੀ ਤ੍ਰਾਸਦੀ ਇਹ ਹੈ ਕਿ ਮੋਦੀ ਨੇ ਅਜਿਹੇ ਕੱਚਘੜ੍ਹ ਆਗੂ ਨੂੰ ਖੇਤੀ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ, ਜਿਸ ਕੋਲ ਧਨੀਆ ਬੀਜਣ ਜਿੰਨੀ ਵੀ ਥਾਂ ਨਹੀਂ ਹੈ। ਲੱਖੋਵਾਲ ਨੇ ਕਿਹਾ ਕਿ ਅਸਲ ’ਚ ਖੇਤੀ ਮੰਤਰੀ ਨੇ ਤੇਲ ਅਤੇ ਦਾਲਾਂ ਮਹਿੰਗੀਆਂ ਹੋਣ ਬਾਰੇ ਸਫ਼ਾਈ ਦੇਣਾ ਮੋਦੀ ਸਰਕਾਰ ਦੀ ਚਾਰ-ਚੁਫ਼ੇਰੇ ਹੋ ਰਹੀ ਨਿੰਦਾ ਤੋਂ ਬਚਾਉਣ ਦਾ ਇਕ ਉਪਰਾਲਾ ਹੈ, ਪਰ ਦੇਸ਼ ਵਿਚ ਦਾਲਾਂ, ਤੇਲ, ਪੈਟਰੋਲ, ਖਾਦਾਂ, ਤੇਲ ਬੀਜਾਂ ਹਰ ਕਿਸਮ ਦੀਆਂ ਵਸਤਾਂ ਦੇ ਭਾਅ ਅਸਮਾਨੀ ਚੜ੍ਹ ਚੁੱਕੇ ਹਨ। ਲੱਖੋਵਾਲ ਨੇ ਆਖਿਆ ਕਿ ਦੇਸ਼ ਅੰਦਰ ਹਕੀਕਤ ਇਹ ਹੈ ਕਿ ਵਪਾਰੀਆਂ ਵੱਲੋਂ ਸਰ੍ਹੋਂ ਸਮੇਤ ਹਰ ਤਰ੍ਹਾਂ ਦੀਆਂ ਫ਼ਸਲਾਂ ਕਿਸਾਨਾਂ ਤੋਂ ਬਹੁਤ ਹੀ ਘੱਟ ਕੀਮਤ ਉੱਤੇ ਖਰੀਦੀਆਂ ਜਾਂਦੀਆਂ ਹਨ ਅਤੇ ਵੱਡਾ ਮੁਨਾਫ਼ਾ ਕਮਾ ਕੇ ਮਹਿੰਗੀਆਂ ਦਰਾਂ ਉਤੇ ਖੁਰਾਕੀ ਵਸਤਾਂ ਵੇਚੀਆਂ ਜਾਂਦੀਆਂ ਹਨ।