ਗੁਰੂਸਰ ਸੁਧਾਰ (ਸੰਤੋਖ ਗਿੱਲ): ਕਿਲ੍ਹਾ ਰਾਏਪੁਰ ਵਿਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਲੜੀਵਾਰ ਧਰਨੇ ਦੌਰਾਨ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ ਅਤੇ ਸੁਰਜੀਤ ਸਿੰਘ ਸੀਲੋਂ ਨੇ ਕਿਹਾ ਕਿ ਆਜ਼ਾਦੀ ਦੀ ਲੜਾਈ ਵਿਚ ਸੰਘ ਦੇ ਪੈਰੋਕਾਰ ਦੇਸ਼ ਭਗਤਾਂ ਖ਼ਿਲਾਫ਼ ਅੰਗਰੇਜ਼ਾਂ ਨੂੰ ਝੂਠੇ ਗਵਾਹ ਮੁਹੱਈਆ ਕਰਵਾਉਂਦੇ ਰਹੇ ਅਤੇ ਉਹੀ ਲਾਣਾ ਅੱਜ ਦੇਸ਼ ਦੀ ਸੰਪਤੀ ਅਤੇ ਜਨਤਕ ਅਦਾਰੇ ਕਾਰਪੋਰੇਟ ਘਰਾਣਿਆਂ ਨੂੰ ਸੰਭਾਲ਼ ਦੇਣ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਦੇਸ਼ ਦੇ ਕਿਰਤੀ ਅਤੇ ਕਿਸਾਨ ਕਿਸੇ ਵੀ ਕੁਰਬਾਨੀ ਤੋਂ ਹੁਣ ਵੀ ਪਿੱਛੇ ਨਹੀਂ ਹਟਣਗੇ। ਧਰਨੇ ਦੀ ਅਗਵਾਈ ਜਰਨੈਲ ਕੌਰ, ਸੁਖਵਿੰਦਰ ਕੌਰ ਅਤੇ ਰਜਿੰਦਰ ਕੌਰ ਨੇ ਕੀਤੀ। ਜਨਵਾਦੀ ਇਸਤਰੀ ਸਭਾ ਦੀ ਆਗੂ ਅਮਨਦੀਪ ਕੌਰ, ਮਹਿੰਦਰ ਕੌਰ, ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰੀਕ ਸਿੰਘ ਜੜਤੌਲੀ, ਮਲਕੀਤ ਸਿੰਘ, ਸਕੂਲੀ ਵਿਦਿਆਰਥਣ ਸੁਰੀਤ ਕੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਮਨਜੀਤ ਸਿੰਘ ਗੁੱਜਰਵਾਲ ਨੇ ਸੱਦਾ ਦਿੱਤਾ ਕਿ 5 ਸਤੰਬਰ ਨੂੰ ਮੁਜ਼ੱਫ਼ਰਨਗਰ ਵਿਚ ਹੋਣ ਵਾਲੀ ਕਿਸਾਨ ਮਹਾਂ-ਪੰਚਾਇਤ ਨੂੰ ਬੇਮਿਸਾਲ ਬਣਾਉਣ ਲਈ ਪਿੰਡਾਂ ਵਿਚ ਲਾਮਬੰਦੀ ਤੇਜ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਰਨਾਲ ਨੇੜੇ ਡੁੱਲ੍ਹਿਆ ਹਰਿਆਣਵੀ ਕਿਸਾਨਾਂ ਦਾ ਖ਼ੂਨ ਖੱਟਰ ਸਰਕਾਰ ਅਤੇ ਮੋਦੀ ਹਕੂਮਤ ਨੂੰ ਬਹੁਤ ਮਹਿੰਗਾ ਪੈਣ ਵਾਲਾ ਹੈ।