ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 6 ਮਈ
ਹੰਬੜਾ ਰੋਡ ’ਤੇ ਡੰਪ ਵਿੱਚ ਖੜ੍ਹੀਆਂ ਸਿਟੀ ਬੱਸਾਂ ਨੂੰ ਦੁਬਾਰਾ ਤੋਂ ਸ਼ਹਿਰ ਦੀਆਂ ਸੜਕਾਂ ’ਤੇ ਉਤਾਰਣ ਦੀ ਮੰਗ ਸਬੰਧੀ ਅੱਜ ਜੈ ਪ੍ਰਕਾਸ਼ ਉਰਫ਼ ਟੀਟੂ ਬਾਣੀਆ ਨੇ ਸਿਟੀ ਬੱਸਾਂ ਨੂੰ ਸਾਫ਼ ਕਰ ਕੇ ਪ੍ਰਦਰਸ਼ਨ ਕੀਤਾ। ਟੀਟੂ ਬਾਣੀਆ ਆਪਣੇ ਹੱਥਾਂ ਵਿੱਚ ਝਾੜੂ ਫੜ੍ਹ ਕੇ ਸਿਟੀ ਬੱਸਾਂ ਦੀ ਸਫ਼ਾਈ ਕਰਨ ਪੁੱਜਿਆ। ਉਨ੍ਹਾਂ ਨੇ ਮੰਗ ਕੀਤੀ ਕਿ ਅਗਰ ਜਲਦ ਹੀ ਸਿਟੀ ਬੱਸ ਸਰਵਿਸ ਦੁਬਾਰਾ ਤੋਂ ਸ਼ੁਰੂ ਨਹੀਂ ਕੀਤੀ ਗਈ ਤਾਂ ਉਹ ਭਗਵੰਤ ਮਾਨ ਸਰਕਾਰ ਖ਼ਿਲਾਫ਼ ਭੁੱਖ ਹੜਤਾਲ ’ਤੇ ਬੈਠਣਗੇ। ਹੰਬੜਾ ਰੋਡ ਖੜ੍ਹੀਆਂ ਸਿਟੀ ਬੱਸਾਂ ਵਾਲੀ ਥਾਂ ’ਤੇ ਅੱਜ ਸਵੇਰੇ ਹੀ ਟੀਟੂ ਬਾਣੀਆ ਆਪਣੇ ਸਾਥੀਆਂ ਦੇ ਨਾਲ ਪੁੱਜ ਗਿਆ। ਉਸਨੇ ਝਾੜੂ ਦੇ ਨਾਲ ਸਾਰੀਆਂ ਸਿਟੀ ਬੱਸਾਂ ਸਾਫ਼ ਕੀਤੀਆਂ। ਉਨ੍ਹਾਂ ਕਿਹਾ ਕਿ ਉਹ ਝਾੜੂ ਲੈ ਕੇ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਵਿਧਾਇਕਾਂ ਨੂੰ ਜਗਾਉਣ ਲਈ ਆਏ ਹਨ ਕਿ ਗਰੀਬ ਆਦਮੀ ਦੇ ਲਈ ਸਸਤਾ ਟਰਾਂਸਪੋਰਟ ਦਾ ਸਾਧਨ ਸਿਟੀ ਬੱਸਾਂ ਸਾਲਾਂ ਤੋਂ ਇੱਥੇ ਕਬਾੜ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਗਰ ਇਹ ਸਿਟੀ ਬੱਸਾਂ ਚੱਲਦੀਆਂ ਹਨ ਤਾਂ ਲੋਕ 5-10 ਰੁਪਏ ਵਿੱਚ ਆਪਣੀ ਮੰਜ਼ਿਲ ਵਿੱਚ ਪਹੁੰਚ ਜਾਣਗੀਆਂ, ਸ਼ਹਿਰ ਵਿੱਚ ਪਬਲਿਕ ਟਰਾਂਸਪੋਰਟ ਨਾਲ ਲੋਕਾਂ ਦਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਿਟੀ ਬੱਸਾਂ ਕਰੋੜਾਂ ਰੁਪਏ ਖ਼ਰਚ ਕਰਕੇ ਖਰੀਦੀਆਂ ਗਈਆਂ ਸਨ, ਪਰ ਜਨਤਾ ਦਾ ਪੈਸਾ ਹੋਣ ਕਾਰਨ ਇਹ ਕੂੜੇ ਵਿੱਚ ਖੜ੍ਹੀਆਂ ਕਬਾੜ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਗਰ ਇਸ ਪ੍ਰਦਰਸ਼ਨ ਤੋਂ ਬਾਅਦ ਵੀ ‘ਆਪ’ ਨੇ ਇਨ੍ਹਾਂ ਨੂੰ ਸ਼ੁਰੂ ਕਰਨ ਦੀ ਪਹਿਲ ਨਾ ਕੀਤੀ ਤਾਂ ਉਹ ਸਰਕਾਰ ਖ਼ਿਲਾਫ਼ ਭੁੱਖ ਹੜਤਾਲ ਕਰਨਗੇ।