ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਜੂਨ
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਹੈ ਕਿ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਅਤੇ ਵਿਰਾਸਤ ਤੋਂ ਜਾਣੂ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਉਹ ਸਿੱਖੀ ਸਿਧਾਂਤਾਂ ਤੋਂ ਭਟਕ ਕੇ ਕੁਰਾਹੇ ਪੈ ਰਹੇ ਹਨ। ਉਹ ਅੱਜ ਇੱਥੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਗੱਲਬਾਤ ਕਰ ਰਹੇ ਸਨ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਅਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਨਾਲ ਪੰਥਕ ਵਿਚਾਰ ਕਰਨ ਲਈ ਪੁੱਜੇ ਸਨ।
ਸਿੰਘ ਸਾਹਿਬ ਨੇ ਕਿਹਾ ਕਿ ਮਾਪੇ ਆਪਣੇ ਬੱਚਿਆਂ ਦੀ ਹਰ ਸਰਗਰਮੀ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ਨੂੰ ਆਪਣੇ ਧਰਮ ਅਤੇ ਵਿਰਾਸਤ ਤੋਂ ਜਾਣੂ ਕਰਵਾਉਣ ਤਾਂ ਜੋ ਸਿੱਖ ਕੌਮ ਦਾ ਭਵਿੱਖ ਸੁਰੱਖਿਅਤ ਰਹਿ ਸਕੇ। ਉਨ੍ਹਾਂ ਕਿਹਾ ਕਿ ਇਸ ਵੇਲੇ ਸਮੁੱਚਾ ਵਿਸ਼ਵ ਕਰੋਨਾਵਾਇਰਸ ਸੰਕਟ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ ਅਤੇ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਮਨੁੱਖਤਾ ਦੀ ਸੇਵਾ ਲਈ ਅੱਗੇ ਹੋ ਕੇ ਕੰਮ ਕੀਤਾ ਜਾਵੇ। ਉਨ੍ਹਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਟੀਮ ਵੱਲੋਂ ਲੋੜਵੰਦਾਂ ਨੂੰ ਲੰਗਰ ਛਕਾਉਣ ਦੀ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ। ਮੁੱਖ ਸੇਵਾਦਾਰ ਪ੍ਰਿਤਪਾਲ ਸਿੰਘ ਨੇ ਸਿੰਘ ਸਾਹਿਬ ਨੂੰ ਸਿਰੋਪਾ ਭੇਟ ਕਰ ਕੇ ਸਨਮਾਨਿਤ ਕੀਤਾ।