ਪੱਤਰ ਪ੍ਰੇਰਕ
ਰਾਏਕੋਟ, 4 ਮਾਰਚ
ਜ਼ਿਲ੍ਹਾ ਪੁਲੀਸ ਮੁਖੀ ਲੁਧਿਆਣਾ (ਦਿਹਾਤੀ) ਕੇਤਨ ਪਾਟਿਲ ਬਲੀ ਰਾਮ ਦੀਆਂ ਹਦਾਇਤਾਂ ਅਨੁਸਾਰ ਡੀਐੱਸਪੀ ਰਾਏਕੋਟ ਰਾਜਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੁਲੀਸ ਨੇ ਬੁਲੇਟ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲਿਆਂ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸ਼ਿਕੰਜਾ ਕਸ ਦਿੱਤਾ ਹੈ। ਥਾਣਾ ਸਿਟੀ ਇੰਚਾਰਜ ਅਮਰੀਕ ਸਿੰਘ ਨੇ ਦੱਸਿਆ ਕਿ ਐੱਸਆਈ ਪਿਆਰਾ ਸਿੰਘ ਦੀ ਅਗਵਾਈ ਵਿੱਚ ਪੁਲਸ ਪਾਰਟੀ ਸਮੇਤ ਵੱਖ ਵੱਖ ਚੌਕਾਂ ਵਿੱਚ ਨਾਕੇ ਲਾ ਕੇ ਅੱਧੀ ਤੋਂ ਜ਼ਿਆਦਾ ਦਰਜਨ ਦੇ ਕਰੀਬ ਬੁਲੇਟ ਮੋਟਰਸਾਈਕਲ ਸਵਾਰਾਂ ਨੂੰ ਕਾਬੂ ਕੀਤਾ। ਪਹਿਲਾਂ ਮੋਟਰਸਾਈਕਲਾਂ ਦੇ ਸਾਇਲੈਂਸਰ ਖੁੱਲ੍ਹਵਾਏ ਗਏ ਮਗਰੋਂ ਚਲਾਨ ਕੱਟੇ ਗਏ। ਮਗਰੋਂ ਨੌਜਵਾਨਾਂ ਨੂੰ ਸਖਤ ਚਿਤਾਵਨੀ ਵੀ ਦਿੱਤੀ ਗਈ।
ਜਗਰਾਉਂ (ਪੱਤਰ ਪ੍ਰੇਰਕ): ਇੱਥੇ ਸ਼ਹਿਰ ਅਤੇ ਆਸ ਪਾਸ ਦੇ ਨਾਮੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਵੱਲੋਂ ਨਿੱਤ-ਦਿਨ ਬੁਲੇਟ ਮੋਟਰਸਾਈਕਲਾਂ ’ਤੇ ਮਾਰੇ ਜਾਂਦੇ ਪਟਾਕਿਆਂ ਅਤੇ ਤੀਹਰੀ ਸਵਾਰੀ ਵੱਲ ਵਿਸ਼ੇਸ ਧਿਆਨ ਦਿੰਦੇ ਹੋਏ ਡੀਐੱਸਪੀ ਦਲਜੀਤ ਸਿੰਘ ਵਿਰਕ ਨੇ ਜਿੱਥੇ ਬੱਚਿਆਂ ਦੇ ਮਾਪਿਆਂ ਨੂੰ ਤਾੜਨਾ ਕੀਤੀ ਹੈ ਉੱਥੇ ਸਕੂਲ ਪ੍ਰਬੰਧਕਾਂ ਖਿਲਾਫ ਵੀ ਕਾਰਵਾਈ ਦਾ ਸੰਕੇਤ ਦਿੱਤਾ ਹੈ। ਸਥਾਨਕ ਟ੍ਰੈਫਿਕ ਸੈੱਲ ਦੇ ਇੰਚਾਰਜ ਡੀਐੱਸਪੀ ਗੁਰਵਿੰਦਰ ਸਿੰਘ ਨੇ ਪਹਿਲਾਂ ਇਸ ਸਬੰਧੀ ਸਕੂਲ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਸੀ ਜਿਸ ਦਾ ਕੁੱਝ ਦਿਨ ਅਸਰ ਰਿਹਾ ਹੁਣ ਫਿਰ ਉਹੋ ਹਾਲ ਹੈ।