ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਜਨਵਰੀ
ਇਥੋਂ ਦੀ ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ’ਤੇ ਸ਼ਿਕੰਜਾ ਕੱਸਦਿਆਂ ਸ਼ੁਰੂ ਕੀਤੀ ਮੁਹਿੰਮ ਤਹਿਤ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਸਦਰ ਦੇ ਥਾਣੇਦਾਰ ਜੀਵਨ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਇੰਦਰਜੀਤ ਸਿੰਘ ਵਾਸੀ ਧਾਂਦਰਾ ਨੂੰ ਰਿੰਗ ਰੋਡ ਪਿੰਡ ਗਿੱਲ ਨੇੜੇ ਖਾਲੀ ਪਲਾਟ ਵਿੱਚ ਸ਼ਰਾਬ ਰੱਖ ਕੇ ਵੇਚਦਿਆਂ ਗ੍ਰਿਫ਼ਤਾਰ ਕਰਕੇ 24 ਬੋਤਲਾਂ ਸੌਂਫੀਆ ਲੈਲਾ ਅਤੇ 10 ਬੋਤਲਾਂ ਰਾਜਾ ਸੋਫ਼ੀਆ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੇ ਸਮਰਾਲਾ ਰੋਡ ਸ਼ਿਵਾਜੀ ਨਗਰ ਵਾਸੀ ਗੁਲਸ਼ਨ ਸਹਿਗਲ ਨੂੰ ਕੁਆਲਟੀ ਚੌਂਕ ਸ਼ਿਮਲਾਪੁਰੀ ਨੇੜੇ ਕਾਬੂ ਕਰ ਕੇ 12 ਬੋਤਲਾਂ ਇੰਪੀਰੀਅਲ ਬਲਿਊ ਸ਼ਰਾਬ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਥਾਣਾ ਹੈਬੋਵਾਲ ਦੀ ਅਧਿਕਾਰੀ ਪਿਆਰਾ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਲਾਲ ਕੋਠੀ ਹੈਬੋਵਾਲ ਕਲਾਂ ਨੇੜੇ ਸਬਜ਼ੀ ਮੰਡੀ ਵੱਲੋਂ ਆ ਰਹੇ ਦੁਰਗਾਪੁਰੀ ਵਾਸੀ ਅਸ਼ੋਕ ਕੁਮਾਰ ਨੂੰ ਨੂੰ 11 ਬੋਤਲਾਂ ਟ੍ਰਿਪਲ ਐਕਸ ਡਾਲਰ ਰਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਕ ਹੋਰ ਮਾਮਲੇ ਵਿੱਚ ਥਾਣਾ ਮਾਡਲ ਟਾਊਨ ਦੇ ਅਧਿਕਾਰੀ ਕੁਲਵੰਤ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਅਬਦੁੱਲ੍ਹਾਪੁਰ ਵਾਸੀ ਨੰਨੂ ਨੂੰ ਆਤਮ ਪਾਰਕ ਕੱਟ ਨੇੜੇ ਕਾਬੂ ਕਰ ਕੇ 12 ਬੋਤਲਾਂ ਟ੍ਰਿਪਲ ਐਕਸ ਰਮ ਸ਼ਰਾਬ ਬਰਾਮਦ ਕੀਤੀ ਹੈ।