ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਜੁਲਾਈ
ਇੱਥੇ ਦੇ ਸਲੇਮ ਟਾਬਰੀ ਦੇ ਬਾਜ਼ੀਗਰ ਬਸਤੀ ਇਲਾਕੇ ’ਚ ਇੱਕ ਉਸਾਰੀ ਅਧੀਨ ਘਰ ਦੀ ਛੱਤ ’ਤੇ ਕੰਮ ਕਰਦੇ ਹੋਏ ਹਾਈਵੋਲਟੇਜ਼ ਤਾਰਾਂ ਦੀ ਲਪੇਟ ’ਚ ਆਏ ਤਿੰਨ ਮਜ਼ਦੂਰਾਂ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ, ਜਿਸ ਨਾਲ 2 ਮਜ਼ਦੂਰ ਤਾਂ ਬਾਲ ਬਾਲ ਬਚ ਗਏ, ਪਰ ਇੱਕ ਦੀ ਮੌਤ ਹੋ ਗਈ ਤੇ ਉਸਦੇ ਇੱਕ ਸਾਥੀ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਉਸਦੀ ਹਾਲਤ ਨੂੰ ਦੇਖਦੇ ਹੋਏ ਉਸਨੂੰ ਪ੍ਰਾਈਵੇਟ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ। ਹਾਲਾਂਕਿ ਇਸ ਮਾਮਲੇ ’ਚ ਕੀਤੀ ਜਾਂਚ ਪੁਲੀਸ ਤੱਕ ਨਹੀਂ ਪੁੱਜੀ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੇ ਇਸ ਮਾਮਲੇ ’ਚ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ। ਜਾਣਕਾਰੀ ਅਨੁਸਾਰ ਸੋਨੂੰ ਸ਼ਿਵ ਕੁਮਾਰ ਤੇ ਇੱਕ ਉਨ੍ਹਾਂ ਦਾ ਸਾਥੀ ਬਾਜ਼ੀਗਰ ਬਸਤੀ ’ਚ ਇੱਕ ਉਸਾਰੀ ਅਧੀਨ ਮਕਾਨ ’ਚ ਮਜ਼ਦੂਰੀ ਦਾ ਕੰਮ ਕਰ ਰਹੇ ਸਨ। ਪਿਛਲ਼ੇ ਕਈ ਦਿਨਾਂ ਤੋਂ ਘਰ ਦਾ ਕੰਮ ਚੱਲ ਰਿਹਾ ਸੀ। 2 ਦਿਨ ਤੋਂ ਮੀਂਹ ਮਗਰੋਂ ਅੱਜ ਫਿਰ ਕੰਮ ਸ਼ੁਰੂ ਹੋਇਆ ਸੀ। ਸ਼ਿਵ ਕੁਮਾਰ ਨੇ ਦੱਸਿਆ ਕਿ ਤਿੰਨੇ ਇਕੱਠੇ ਮਿਲ ਕੇ ਕੰਮ ਕਰ ਰਹੇ ਸਨ, ਇਸੇ ਦੌਰਾਨ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ ਤੇ ਉਹ 2 ਫੁੱਟ ਦੂਰ ਜਾ ਕੇ ਡਿੱਗਿਆ। ਇਸ ਦੌਰਾਨ ਸੋਨੂੰ ਤੇ ਉਸਦਾ ਸਾਥੀ ਵੀ ਕਰੰਟ ਦੀ ਲਪੇਟ ’ਚ ਆ ਗਏ। ਕਰੰਟ ਦੇਖ ਉਹ ਪਿੱਛੇ ਹੋ ਗਿਆ ਤੇ ਰੌਲਾ ਪਾਇਆ। ਜਦੋਂ ਤੱਕ ਲੋਕ ਉਥੇ ਪੁੱਜੇ, ਸੋਨੂੰ ਦੀ ਮੌਤ ਹੋ ਚੁੱਕੀ ਸੀ, ਜਦੋਂ ਕਿ ਦੂਸਰਾ ਸਾਥੀ ਬੁਰੀ ਤਰ੍ਹਾਂ ਝੁਲਸ ਗਿਆ ਸੀ, ਜਿਸਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਥਾਣਾ ਸਲੇਮ ਟਾਬਰੀ ਦੇ ਐੱਸਐੱਚਓ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਹਾਲੇ ਪੁਲੀਸ ਦੇ ਕੋਲ ਮਾਮਲੇ ਦੀ ਜਾਣਕਾਰੀ ਨਹੀਂ ਆਈ ਹੈ। ਬਾਕੀ ਪਤਾ ਕੀਤਾ ਜਾ ਰਿਹਾ ਹੈ, ਜਲਦੀ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ।