ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਤਿੰਨ ਲੁਟੇਰਿਆਂ ਨੂੰ ਲੁੱਟੇ ਹੋਏ ਮਾਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਪਿੰਡ ਪਵਾ ਵਾਸੀ ਰਿੰਕੂ ਕੁਮਾਰ ਨੇ ਦੱਸਿਆ ਹੈ ਕਿ ਉਹ ਦਿਹਾੜੀ ਕਰਨ ਲਈ ਗਣਪਤੀ ਕਲੋਨੀ ਸਾਹਨੇਵਾਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੇ ਆਪਣਾ ਮੋਟਰਸਾਈਕਲ ਸੜਕ ’ਤੇ ਖੜ੍ਹਾ ਕਰ ਦਿੱਤਾ ਤਾਂ ਐਕਟਿਵਾ ਸਕੂਟਰ ਤੇ ਦੋ ਜਣੇ ਆਏ ਅਤੇ ਉਸ ਨੂੰ ਤੇਜ਼ਧਾਰ ਹਥਿਆਰ ਦਿਖਾਕੇ ਉਸ ਦਾ ਮੋਬਾਈਲ ਫੋਨ ਖੋਹ ਕੇ ਪੀਬੀ 10 ਈਬੀ 4451 ਸਕੂਟਰ ਤੇ ਫ਼ਰਾਰ ਹੋ ਗਏ। ਥਾਣੇਦਾਰ ਰਘਵੀਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਤਫਤੀਸ਼ ਦੌਰਾਨ ਇੰਦਰਜੀਤ ਸਿੰਘ ਵਾਸੀ ਨਾਨਕਪੁਰੀ ਮਿੱਲਰਗੰਜ ਅਤੇ ਕਮਲਦੀਪ ਸਿੰਘ ਵਾਸੀ ਲਛਮਣ ਨਗਰ ਮਿੱਲਰ ਗੰਜ ਨੂੰ ਕਾਬੂ ਕਰਕੇ ਮੋਟਰਸਾਈਕਲ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਜਮਾਲਪੁਰ ਦੇ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਸਾਹਾਬਾਣਾ ਪੁਲੀ 100 ਫੁੱਟਾ ਰੋਡ ’ਤੇ ਗਸ਼ਤ ਕਰ ਰਹੀ ਸੀ ਤਾਂ ਮੋਟਰਸਾਈਕਲ ’ਤੇ ਆ ਰਹੇ ਰਾਜ ਕੁਮਾਰ ਵਾਸੀ ਢੰਡਾਰੀ ਨੂੰ ਰੋਕ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਕੋਲੋਂ ਲੁੱਟਿਆ ਮੋਟਰਸਾਈਕਲ ਬਰਾਮਦ ਹੋਇਆ। ਪੁਲੀਸ ਵੱਲੋਂ ਕੇਸ ਦਰਜ ਕਰਕੇ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।