ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 17 ਜਨਵਰੀ
ਇੱਥੋਂ ਦੀ ਪੁਲੀਸ ਨੇ ਇੱਕ ਅੰਤਰਰਾਜੀ ਮੋਟਰਸਾਈਕਲ ਚੋਰ ਗਰੋਹ ਦਾ ਪਰਦਾਫਾਸ਼ ਕਰਕੇ ਇਸ ਦੇ ਸਰਗਨੇ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵੱਖ-ਵੱਖ ਥਾਵਾਂ ਤੋਂ ਗ੍ਰਿਫ਼ਤਾਰ ਕੀਤੇ ਚੋਰਾਂ ਕੋਲੋਂ ਹੁਣ ਤੱਕ ਗਿਆਰਾਂ ਮੋਟਰਸਾਈਕਲ ਜਾਂ ਉਨ੍ਹਾਂ ਨੂੰ ਤੋੜ ਕੇ ਵੱਖ ਕੀਤੇ ਪੁਰਜੇ ਬਰਾਮਦ ਕੀਤੇ ਗਏ ਹਨ। ਇਸ ਤੋਂ ਇਲਾਵਾ ਮੋਟਰਸਾਈਕਲਾਂ ਨੂੰ ਲੱਦ ਕੇ ਜਾਣ ਲਈ ਵਰਤਿਆ ਗਿਆ ਟੈਂਪੂ ਅਤੇ ਕਬਾੜੀਏ ਵੱਲੋਂ ਤੋੜਣ ਲਈ ਵਰਤਿਆ ਜਾਂਦਾ ਸਾਜੋ-ਸਾਮਾਨ ਵੀ ਬਰਾਮਦ ਕੀਤਾ ਗਿਆ ਹੈ।
ਮੁਲਜ਼ਮਾਂ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਪਿੰਡ ਧਨੀਕਾਹਨ ਸਿੰਘ ਮੰਗਾਲਾ ਜ਼ਿਲ੍ਹਾ ਸਿਰਸਾ ਹਰਿਆਣਾ ਹਾਲ ਵਾਸੀ ਪਿੰਡ ਆਲਮਗੀਰ ਜ਼ਿਲ੍ਹਾ ਲੁਧਿਆਣਾ, ਲਖਵੀਰ ਸਿੰਘ ਲੱਕੀ ਵਾਸੀ ਦਾਦ ਪੱਖੋਵਾਲ ਰੋਡ ਭਾਈ ਬੱਲਾ ਕਲੋਨੀ ਬਾਜੀਗਰ ਬਸਤੀ ਲੁਧਿਆਣਾ ਅਤੇ ਰਾਮ ਚੰਦਰ ਵਾਸੀ ਪੱਖੋਵਾਲ ਰੋਡ ਲੁਧਿਆਣਾ ਵੱਜੋਂ ਕੀਤੀ ਗਈ ਹੈ। ਡੀਐੱਸਪੀ ਅਹਿਮਦਗੜ੍ਹ ਹਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਥਾਣਾ ਸਿਟੀ ਮੁਖੀ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਬੀਤੇ ਦਿਨੀਂ ਪ੍ਰਿਤਪਾਲ ਸਿੰਘ ਵਾਸੀ ਕਿਲਾ ਰਾਏਪੁਰ ਦੇ ਬਿਆਨਾਂ ’ਤੇ ਉਸਦਾ ਮੋਟਰਸਾਈਕਲ ਚੋਰੀ ਹੋਣ ਸਬੰਧੀ ਪਰਚਾ ਦਰਜ ਕਰਕੇ ਤਫ਼ਸੀਸ ਦੌਰਾਨ ਮੁੱਖ ਦੋਸ਼ੀ ਬਲਵਿੰਦਰ ਸਿੰਘ ਨੂੰ ਨਾਮਜ਼ਦ ਕੀਤਾ ਸੀ। ਇਸ ਦੌਰਾਨ ਥਾਣੇਦਾਰ ਸੁਖਵਿੰਦਰ ਸਿੰਘ ਵੱਲੋਂ ਜੰਡਾਲੀ ਰੋਡ ਅਹਿਮਦਗੜ੍ਹ ਵਿੱਚ ਲਗਾਏ ਗਏ ਨਾਕੇ ਦੌਰਾਨ ਚੈਕਿੰਗ ਕਰਨ ਵੇਲੇ ਬਲਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਗਿਆ ਅਤੇ ਡੁੰਘਾਈ ਨਾਲ ਪੁੱਛਗਿੱਛ ਕਰਨ ’ਤੇ ਪਤਾ ਲੱਗਿਆ ਕਿ ਉਹ ਹਰਿਆਣਾ ਤੋਂ ਆ ਕੇ ਵੱਖ-ਵੱਖ ਥਾਵਾਂ ’ਤੇ ਰਹਿ ਕੇ ਇਹੋ ਜਿਹੇ ਮੋਟਰਸਾਈਕਲ ਚੋਰੀ ਕਰਵਾਉਂਦਾ ਸੀ ਜੋ ਕਿ ਨਵੇਂ ਨਹੀਂ ਹੁੰਦੇ ਸਨ ਅਤੇ ਇਨ੍ਹਾਂ ਦੇ ਮਾਲਕ ਲੱਭਣ ਲਈ ਜ਼ਿਆਦਾ ਜੱਦੋਜਹਿਦ ਨਹੀਂ ਕਰਦੇ ਸਨ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਬਲਵਿੰਦਰ ਸਿੰਘ ਆਪਣੇ ਸਾਥੀ ਰਾਮ ਚੰਦਰ ਨਾਲ ਮਿਲ ਕੇ ਜਿਹੜੇ ਮੋਟਰਸਾਈਕਲ ਚੋਰੀ ਕਰਦਾ ਸੀ ਉਨਾਂ ਨੂੰ ਲਖਵੀਰ ਸਿੰਘ ਦੀ ਕਬਾੜ ਦੀ ਦੁਕਾਨ ’ਤੇ ਤੋੜ ਦਿੰਦੇ ਸਨ ਅਤੇ ਇੰਜਨ ਆਦਿ ਪੁਰਜੇ ਵੱਖ-ਵੱਖ ਕਰ ਕੇ ਵੇਚ ਦਿੰਦੇ ਸਨ। ਬੀਤੇ ਸਮੇਂ ਦੌਰਾਨ ਮੁਲਜ਼ਮਾਂ ਨੇ ਕਰੀਬ ਡੇਢ ਦਰਜ਼ਨ ਚੋਰੀਆਂ ਕਰਨ ਵਾਰੇ ਮੰਨਿਆਂ ਜਿਨ੍ਹਾਂ ਵੱਲੋਂ ਛੇ ਮੋਟਰ ਸਾਈਕਲ ਅਤੇ ਪੰਜ ਦਾ ਸਾਮਾਨ ਬਰਾਮਦ ਕੀਤਾ ਗਿਆ ਹੈ।
ਸੋਸ਼ਲ ਮੀਡੀਆ ’ਤੇ ਨਾਜਾਇਜ਼ ਹਥਿਆਰ ਦੀ ਫੋਟੋ ਪਾਉਣ ’ਤੇੇ ਗ੍ਰਿਫ਼ਤਾਰ਼
ਲੁਧਿਆਣਾ(ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਚੋਣਾਂ ਤੋਂ ਪਹਿਲਾਂ ਰਾਜਧਾਨੀ ਦਿੱਲੀ ਤੋਂ 2 ਹਜ਼ਾਰ ਰੁਪਏ ’ਚ ਨਾਜਾਇਜ਼ ਹਥਿਆਰ ਖਰੀਦਣ ਤੋਂ ਬਾਅਦ ਉਸ ਦੇ ਨਾਲ ਫੋਟੋ ਖਿੱਚ ਕੇ ਸੋਸ਼ਲ ਮੀਡੀਆ ’ਤੇ ਪਾਉਣ ਵਾਲੇ ਇੱਕ ਮੁਲਜ਼ਮ ਨੂੰ ਸੀਆਈਏ-2 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਸ਼ੋਸ਼ਲ ਮੀਡੀਆ ਫੇਸਬੁੱਕ ’ਤੇ ਫੋਟੋ ਪਾਉਣ ਤੋਂ ਬਾਅਦ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਮੁਲਜ਼ਮ ਦੇ ਕੋਲ ਕੋਈ ਵੀ ਲਾਇਸੈਂਸ ਨਹੀਂ ਹੈ। ਜਿਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ। ਮੁਲਜ਼ਮ ਦੇ ਕਬਜ਼ੇ ’ਚੋਂ ਪੁਲੀਸ ਨੇ 315 ਬੋਰ ਦੇਸੀ ਕੱਟਾ ਤੇ 2 ਕਾਰਤੂਸ ਬਰਾਮਦ ਕੀਤੇ ਹਨ। ਪੁਲੀਸ ਨੇ ਇਸ ਮਾਮਲੇ ’ਚ ਜਨਕਪੁਰੀ ਦੇ ਰਹਿਣ ਵਾਲੇ ਅਨਿਲ ਕੁਮਾਰ ਦੇ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 2 ’ਚ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸਨੂੰ ਇੱਕ ਦਿਨਾਂ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।