ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਅਗਸਤ
ਵੱਖ ਵੱਖ ਇਲਾਕਿਆਂ ਵਿੱਚ ਸੜਕ ਹਾਦਸਿਆਂ ਦੌਰਾਨ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ ਦੋ ਦੀ ਪਛਾਣ ਨਹੀਂ ਹੋਈ। ਥਾਣਾ ਲਾਡੋਵਾਲ ਦੀ ਪੁਲੀਸ ਨੂੰ ਏਕਤਾ ਕਲੋਨੀ ਕਪੂਰਥਲਾ ਵਾਸੀ ਰਾਜ ਕੁਮਾਰ ਨੇ ਦੱਸਿਆ ਕਿ ਉਹ ਜਲੰਧਰ ਬਾਈਪਾਸ ਤੋਂ ਨਵੇਂ ਬਣੇ ਬਾਈਪਾਸ ਰਾਹੀਂ ਰਸੂਲਪੁਰ ਜਾ ਰਿਹਾ ਸੀ ਤਾਂ ਮੋਟਰਸਾਈਕਲ ਨੰਬਰ ਪੀਬੀ 29 ਵੀ 9609 ’ਤੇ ਜਾ ਰਹੇ 40-45 ਸਾਲ ਦੀ ਉਮਰ ਦੇ ਵਿਅਕਤੀ ਵਿੱਚ ਟਾਟਾ 407 ਦੇ ਚਾਲਕ ਨੇ ਟੱਕਰ ਮਾਰੀ, ਜਿਸ ਕਾਰਨ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਿਆ। ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣੇਦਾਰ ਦਲਵੀਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਟਾਟਾ ਚਾਲਕ ਬਲ ਬਹਾਦਰ ਵਾਸੀ ਭੱਟੀਆਂ ਕਲੋਨੀ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਾ ਦਿੱਤਾ ਹੈ। ਇਸੇ ਤਰ੍ਹਾਂ ਥਾਣਾ ਟਿੱਬਾ ਦੀ ਪੁਲੀਸ ਨੂੰ ਨਿਊ ਸ਼ਾਸਤਰੀ ਨਗਰ ਵਾਸੀ ਹਰਨੇਕ ਸਿੰਘ ਨੇ ਦੱਸਿਆ ਕਿ ਡਾਬਰ ਪੈਟਰੋਲ ਪੰਪ ਨੇੜੇ ਇਕ ਬਲੈਰੋ ਗੱਡੀ ਦੇ ਚਾਲਕ ਨੇ ਪੈਦਲ ਜਾ ਰਹੇ ਵਿਅਕਤੀ ਵਿੱਚ ਟੱਕਰ ਮਾਰੀ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸੇ ਤਰ੍ਹਾਂ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੂੰ ਕ੍ਰਿਸ਼ਨਾ ਪ੍ਰਸਾਦ ਵਾਸੀ ਗੋਬਿੰਦਗੜ੍ਹ ਨੇ ਦੱਸਿਆ ਕਿ ਉਸ ਦਾ ਭਰਾ ਰਾਮਜੀ ਪ੍ਰਸਾਦ (48) ਗਣਪਤੀ ਚੌਕ ਫੋਕਲ ਪੁਆਇੰਟ ਵੱਲ ਜਾਂਦਿਆਂ ਇੱਕ ਮੋਟਰਸਾਈਕਲ ਚਾਲਕ ਨੇ ਉਸ ਵਿੱਚ ਟੱਕਰ ਮਾਰੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਈਐੱਸਆਈ ਹਸਪਤਾਲ ਵਿੱ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਮੋਟਰਸਾਈਕਲ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।