ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਮਈ
ਇੱਥੇ ਵੱਖ-ਵੱਖ ਇਲਾਕਿਆਂ ਵਿੱਚ ਵਿਆਹੁਤਾ ਸਮੇਤ ਤਿੰਨ ਲੜਕੀਆਂ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਈਆਂ। ਥਾਣਾ ਟਿੱਬਾ ਦੀ ਪੁਲੀਸ ਨੂੰ ਅਮਨਦੀਪ ਸਿੰਘ ਵਾਸੀ ਸ਼ੇਰਾ ਕਾਲੋਨੀ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਸੋਨਮ (29 ਸਾਲ) ਘਰ ਤੋਂ ਦਵਾਈ ਲੈਣ ਲਈ ਬਾਜ਼ਾਰ ਗਈ ਸੀ ਪਰ ਵਾਪਸ ਨਹੀਂ ਪਰਤੀ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਹੈ ਕਿ ਕਿਸੇ ਨੇ ਨਿੱਜੀ ਸਵਾਰਥ ਲਈ ਉਸ ਦੀ ਪਤਨੀ ਨੂੰ ਆਪਣੇ ਕੋਲ ਲੁਕੋ ਕੇ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੂੰ ਸ਼ਿਮਲਾਪੁਰੀ ਵਾਸੀ ਮਹਿੰਦਰਪਾਲ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਨਾਬਾਲਗ ਲੜਕੀ ਬਿਨਾਂ ਦੱਸੇ ਘਰੋਂ ਕਿਧਰੇ ਚਲੀ ਗਈ ਹੈ। ਭਾਲ ਕਰਨ ’ਤੇ ਪਤਾ ਲੱਗਾ ਹੈ ਕਿ ਉਸ ਨੂੰ ਪਿੰਡ ਰੱਤੋਵਾਲ ਵਾਸੀ ਹਰਜੋਤ ਸਿੰਘ ਵਿਆਹ ਕਰਾਉਣ ਦੀ ਨੀਅਤ ਨਾਲ ਫੁਸਲਾ ਕੇ ਕਿਧਰੇ ਲੈ ਗਿਆ ਹੈ। ਇਸੇ ਤਰ੍ਹਾਂ ਇਕ ਹੋਰ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲੀਸ ਨੂੰ ਜਵਾਹਰ ਨਗਰ ਕੈਂਪ ਵਾਸੀ ਜੀਵਨ ਜੋਤੀ ਨੇ ਦੱਸਿਆ ਹੈ ਕਿ ਉਸਦੀ ਲੜਕੀ ਦੀਪਿਕਾ (22 ਸਾਲ) ਸ਼ਾਮ ਸਮੇਂ ਮਾਰਕੀਟ ਵਿੱਚ ਸਾਮਾਨ ਲੈਣ ਲਈ ਗਈ ਸੀ ਪਰ ਉਹ ਵਾਪਸ ਨਹੀਂ ਪਰਤੀ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਹੈ ਕਿ ਕੋਈ ਵਿਆਹ ਕਰਵਾਉਣ ਦੀ ਨੀਅਤ ਨਾਲ ਫੁਸਲਾ ਕੇ ਉਸ ਨੂੰ ਕਿਧਰੇ ਲੈ ਗਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।