ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 29 ਸਤੰਬਰ
ਇੱਥੇ ਵੱਖ-ਵੱਖ ਇਲਾਕਿਆਂ ਵਿੱਚ ਤਿੰਨ ਲੜਕੀਆਂ ਦੇ ਭੇਤਭਰੀ ਹਾਲਤ ਵਿੱਚ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਥਾਣਾ ਜਮਾਲਪੁਰ ਦੀ ਪੁਲੀਸ ਨੂੰ ਰਾਮ ਬਹਾਦਰ ਨੇ ਦੱਸਿਆ ਕਿ ਉਸਦੀ ਲੜਕੀ (15) ਘਰੋਂ ਦੱਸੇ ਬਿਨਾਂ ਕਿਧਰੇ ਚਲੀ ਗਈ ਹੈ। ਉਸਦੀ ਕਈ ਥਾਵਾਂ ’ਤੇ ਭਾਲ ਕੀਤੀ ਗਈ ਪਰ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗਾ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸਨੂੰ ਕਿਧਰੇ ਲੁਕੋ ਕੇ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਥਾਣਾ ਡਾਬਾ ਦੀ ਪੁਲੀਸ ਨੂੰ ਛੇਦੀ ਲਾਲ ਨੇ ਦੱਸਿਆ ਕਿ ਉਸਦੀ ਲੜਕੀ ਅੰਕਿਤਾ ਅਚਾਨਕ ਘਰੋਂ ਕਿਧਰੇ ਚਲੀ ਗਈ ਹੈ। ਉਨ੍ਹਾਂ ਸ਼ੱਕ ਪ੍ਰਗਟ ਕੀਤਾ ਹੈ ਕਿ ਕੋਈ ਅਣਪਛਾਤਾ ਵਿਅਕਤੀ ਉਸਨੂੰ ਕਿਧਰੇ ਲੈ ਗਿਆ ਹੈ।
ਇਸੇ ਤਰ੍ਹਾਂ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਰਣਧੀਰ ਝਾਅ ਨੇ ਦੱਸਿਆ ਹੈ ਕਿ ਉਸਦੀ ਲੜਕੀ (15) ਸ਼ਾਮ ਸਮੇਂ ਸਹੇਲੀ ਨੂੰ ਮਿਲਣ ਲਈ ਉਸਦੇ ਘਰ ਗਈ ਸੀ ਪਰ ਵਾਪਸ ਨਹੀਂ ਪਰਤੀ। ਪਤਾ ਲੱਗਾ ਹੈ ਕਿ ਉਸਨੂੰ ਸ਼ਤਰੂਧਨ ਕੁਮਾਰ ਨਾਂ ਦਾ ਵਿਅਕਤੀ ਵਰਗਲਾ ਕੇ ਕਿਧਰੇ ਲੈ ਗਿਆ ਹੈ।