ਗਗਨਦੀਪ ਅਰੋੜਾ
ਲੁਧਿਆਣਾ, 27 ਦਸੰਬਰ
ਇਥੇ ਸਨਅਤੀ ਸ਼ਹਿਰ ਦੇ ਬਸਤੀ ਜੋਧੇਵਾਲ ਦੀ ਸ਼ਿਮਲਾ ਕਲੋਨੀ ’ਚ ਰਹਿਣ ਵਾਲੇ ਨੌਜਵਾਨ ਨੂੰ ਉਸਦੇ ਸਾਥੀ 3 ਦੋਸਤਾਂ ਨੇ ਮਿਲ ਕੇ ਉਸਦਾ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਉਸਦੀ ਲਾਸ਼ ਸਤਲੁਜ ਦਰਿਆ ਨੇੜੇ ਰੇਤ ਵਿੱਚ ਦੱਬ ਦਿੱਤੀ, ਇਨ੍ਹਾਂ ਹੀ ਨਹੀਂ ਮੁਲਜ਼ਮਾਂ ਨੇ ਉਸਦਾ ਮੋਬਾਈਲ ਫੋਨ ਹੋਰ ਥਾਂ ’ਤੇ ਸੁੱਟ ਦਿੱਤਾ। ਜਦੋਂ ਨੌਜਵਾਨ ਘਰ ਨਹੀਂ ਪਰਤਿਆ ਤਾਂ ਉਸਦੇ ਪਰਿਵਾਰ ਵਾਲਿਆਂ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ। ਪੁਲੀਸ ਨੇ ਮਾਮਲੇ ਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ 3 ਦੋਸਤਾਂ ਨੇ ਪ੍ਰੇਮ ਸਬੰਧਾਂ ਵਿੱਚ ਰੋੜਾ ਬਣਨ ਵਾਲੇ ਨੌਜਵਾਨ ਤੁਸ਼ਾਰ ਕੁਮਾਰ ਦਾ ਕਤਲ ਕਰ ਦਿੱਤਾ। ਪੁਲੀਸ ਨੇ ਫਿਲਹਾਲ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਇੱਕ ਮੁਲਜ਼ਮ ਹਾਲੇ ਵੀ ਫ਼ਰਾਰ ਹੈ। ਜਾਣਕਾਰੀ ਮੁਤਾਬਕ ਨਿਊ ਸ਼ਿਮਲਾ ਕਲੋਨੀ ਦੀ ਗਲੀ ਨੰਬਰ-8 ਵਾਸੀ 18 ਸਾਲਾ ਤੁਸ਼ਾਰ ਕੁਮਾਰ ਦੇ ਪਿਤਾ ਵਰਿੰਦਰ ਕੁਮਾਰ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਨ੍ਹਾਂ ਦਾ ਹੌਜ਼ਰੀ ਦਾ ਕੰਮ ਹੈ। ਤੁਸ਼ਾਰ ਏਸੀ ਮਾਰਕੀਟ ’ਚ ਕੰਮ ਕਰਦਾ ਸੀ, ਜਦੋਂ ਕਿ ਇਸ ਤੋਂ ਛੋਟਾ 13 ਸਾਲ ਦਾ ਲੜਕਾ ਪੜ੍ਹਦਾ ਹੈ। 23 ਦਸੰਬਰ ਦੀ ਰਾਤ ਪਿੰਡ ਕਨੀਜਾ ਵਾਸੀ ਰੋਬਿਨ ਸਿੰਘ ਉਰਫ਼ ਯਸ਼, ਕੁਲਵਿੰਦਰ ਸਿੰਘ ਉਰਫ਼ ਕਿੰਦਾ ਤੇ ਪਰਮਜੀਤ ਸਿੰਘ ਉਰਫ਼ ਗੋਲੀ ਨੇ ਫੋਨ ਕਰ ਕੇ ਤੁਸ਼ਾਰ ਨੂੰ ਮਿਲਣ ਲਈ ਬੁਲਾਇਆ ਸੀ। ਉਨ੍ਹਾਂ ਉਸਨੂੰ ਜਾਣ ਤੋਂ ਮਨ੍ਹਾ ਕਰ ਦਿੱਤਾ। ਉਸ ਤੋਂ ਬਾਅਦ ਉਹ ਆਪਣਾ ਮੋਟਰਸਾਈਕਲ ਲੈ ਕੇ ਉਨ੍ਹਾਂ ਨੂੰ ਮਿਲਣ ਚਲਾ ਗਿਆ। ਉਸ ਤੋਂ ਬਾਅਦ ਉਹ ਵਾਪਸ ਘਰ ਨਹੀਂ ਆਇਆ। ਉਹ ਲੋਕ ਰਾਤ ਭਰ ਉਸਨੂੰ ਲੱਭਦੇ ਰਹੇ। ਮੁਲਜ਼ਮਾਂ ਨੂੰ ਤੁਸ਼ਾਰ ਬਾਰੇ ’ਚ ਪੁੱਛਿਆ ਗਿਆ ਤਾਂ ਉਨ੍ਹਾਂ ਕੋਈ ਵੀ ਜਾਣਕਾਰੀ ਹੋਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ। ਉਹ ਤਿੰਨੋਂ ਵੀ ਪਰਿਵਾਰ ਨਾਲ ਮਿਲ ਕੇ ਤੁਸ਼ਾਰ ਨੂੰ ਲੱਭਦੇ ਰਹੇ, ਪਰ ਪੁਲੀਸ ਨੂੰ ਪਹਿਲੇ ਦਿਨ ਤੋਂ ਹੀ ਉਨ੍ਹਾਂ ’ਤੇ ਸ਼ੱਕ ਸੀ। ਐਤਵਾਰ ਰਾਤ ਨੂੰ ਜਦੋਂ ਦੋਵਾਂ ਤੋਂ ਥੋੜ੍ਹੀ ਸਖ਼ਤੀ ਨਾਲ ਪੁੱਛ-ਗਿਛ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਉਸ ਰਾਤ ਤੁਸ਼ਾਰ ਉਨ੍ਹਾਂ ਕੋਲ ਆਇਆ ਸੀ, ਬਾਅਦ ਵਿੱਚ ਉਨ੍ਹਾਂ ਤਿੰਨਾਂ ਨੇ ਮਿਲ ਕੇ ਉਸਦਾ ਗੱਲਾ ਦਬਾ ਕੇ ਕਤਲ ਕਰ ਦਿੱਤਾ। ਮੁਲਜ਼ਮਾਂ ਨੇ ਦੱਸਿਆ ਕਿ ਰੋਬਿਨ ਦੇ ਇੱਕ ਲੜਕੀ ਨਾਲ ਸਬੰਧ ਸਨ, ਉਸਨੂੰ ਸ਼ੱਕ ਸੀ ਕਿ ਉਸੇ ਲੜਕੀ ਦੇ ਨਾਲ ਤੁਸ਼ਾਰ ਦੇ ਵੀ ਸਬੰਧ ਹਨ। ਉਸਨੇ ਤੁਸ਼ਾਰ ਨੂੰ ਉਸ ਲੜਕੀ ਤੋਂ ਦੂਰ ਰਹਿਣ ਦੀ ਗੱਲ ਕਹੀ ਸੀ, ਪਰ ਤੁਸ਼ਾਰ ਨਹੀਂ ਮੰਨਿਆ, ਜਿਸ ਤੋਂ ਬਾਅਦ ਰੋਬਿਨ ਨੇ ਆਪਣੇ ਬਾਕੀ ਦੋ ਦੋਸਤਾਂ ਦੇ ਨਾਲ ਮਿਲ ਕੇ ਤੁਸ਼ਾਰ ਦਾ ਕਤਲ ਕਰ ਦਿੱਤਾ। ਘਟਨਾ ਵਾਲੀ ਰਾਤ ਮੁਲਜ਼ਮਾਂ ਤੁਸ਼ਾਰ ਨੂੰ ਇਹ ਕਹਿ ਕੇ ਬੁਲਾਇਆ ਕਿ ਉਸਦੀ ਫਰੈਂਡ ਉਸਨੂੰ ਬੁਲਾ ਰਹੀ ਹੈ ਤੇ ਉਹ ਉਸਨੂੰ ਜਮਾਲਪੁਰ ਲੇਲੀ ਦੇ ਨਾਲ ਲੱਗਦੇ ਸਤਲੁਜ ਦਰਿਆ ਕੋਲ ਲੈ ਗਏ, ਜਿੱਥੇ ਉਸਦਾ ਕਤਲ ਕਰ ਦਿੱਤਾ। ਲੁਧਿਆਣਾ ਦੇ ਜੁਆਇੰਟ ਪੁਲੀਸ ਕਮਿਸ਼ਨਰ ਜੇ.ਐੱਲ ਨਚੇਲੀਅਨ ਨੇ ਦੱਸਿਆ ਕਿ ਪੁਲੀਸ ਨੇ ਇਸ ਮਾਮਲੇ ਵਿੱਚ ਰੋਬਿਨ ਸਿੰਘ ਉਰਫ ਯਸ਼ ਤੇ ਕੁਲਵਿੰਦਰ ਸਿੰਘ ਉਰਫ ਕਿੰਦਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਹਾਲੇ ਪਰਮਜੀਤ ਕੁਮਾਰ ਨੂੰ ਗ੍ਰਿਫ਼ਤਾਰ ਕਰਨਾ ਬਾਕੀ ਹੈ।
ਪਲਾਟ ਦੀ ਮਾਲਕੀ ਸਬੰਧੀ ਹੋਏ ਝਗੜੇ ’ਚ ਬਜ਼ੁਰਗ ਦਾ ਕਤਲ
ਜਗਰਾਉਂ ਚਰਨਜੀਤ ਸਿੰਘ ਢਿੱਲੋਂ): ਇੱਥੋਂ ਨੇੜਲ਼ੇ ਪਿੰਡ ਡੱਲਾ ਵਿੱਚ ਖਾਲੀ ਪਲਾਟ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਏ ਝਗੜੇ ਦੌਰਾਨ ਤੇਜ਼ ਧਾਰ ਹਥਿਆਰ ਨਾਲ 70 ਸਾਲਾ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ। ਪੁਲੀਸ ਥਾਣਾ ਹਠੂਰ ਨੇ ਚਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਪਿੰਡ ਡੱਲਾ ਵਿੱਚ ਖਾਲੀ ਪਏ ਇੱਕ ਪਲਾਟ ਉਪਰ ਦੋਵੇਂ ਧਿਰਾਂ ਆਪਣਾ-ਆਪਣਾ ਹੱਕ ਜਤਾ ਰਹੀਆਂ ਸਨ। ਇਸ ਦੀ ਮਾਲਕੀ ਨੂੰ ਲੈ ਕੇ ਅੱਜ ਸਵੇਰੇ ਦੋਵਾਂ ਧਿਰਾਂ ’ਚ ਝਗੜਾ ਹੋ ਗਿਆ। ਗਾਲੀ-ਗਲੋਚ ਦੌਰਾਨ ਬਜ਼ੁਰਗ ਬਲਦੇਵ ਸਿੰਘ (70) ਦੇ ਸਿਰ ਵਿੱਚ ਤੇਜ਼ਧਾਰ ਘੰਡਾਸੀ ਦਾ ਵਾਰ ਕਰ ਦਿੱਤਾ ਗਿਆ। ਗੰਡਾਸੀ ਦਾ ਵਾਰ ਡੂੰਘਾ ਹੋਣ ਕਾਰਨ ਬਲਦੇਵ ਸਿੰਘ ਬੇਹੋਸ਼ ਹੋ ਗਿਆ ਅਤੇ ਉਸਨੂੰ ਇਲਾਜ ਲਈ ਸਰਕਾਰੀ ਹਸਪਤਾਲ ਹਠੂਰ ਲਿਜਾਇਆ ਜਾ ਰਿਹਾ ਸੀ ਪਰ ਬਲਦੇਵ ਸਿੰਘ ਰਸਤੇ ਵਿੱਚ ਹੀ ਦਮ ਤੋੜ ਗਿਆ। ਹਠੂਰ ਪਹੁੰਚਣ ’ਤੇ ਡਾਕਟਰਾਂ ਨੇ ਬਲਦੇਵ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਝਗੜੇ ਵਿੱਚ ਮ੍ਰਿਤਕ ਦਾ ਬੇਟਾ ਸੁਖਵਿੰਦਰ ਸਿੰਘ ਅਤੇ ਉਸਦੀ ਨੂੰਹ ਰਣਜੀਤ ਕੌਰ ਪਤਨੀ ਜਗਤਾਰ ਸਿੰਘ ਵੀ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਹਠੂਰ ਹਸਪਤਾਲ ਦੇ ਅਮਲੇ ਨੇ ਸਥਾਨਕ ਸਿਵਲ ਹਸਪਤਾਲ ’ਚ ਭੇਜ ਦਿੱਤਾ ਹੈ। ਹਠੂਰ ਪੁਲੀਸ ਨੇ ਇਸ ਮਾਮਲੇ ’ਚ ਮ੍ਰਿਤਕ ਬਲਦੇਵ ਸਿੰਘ ਦੇ ਲੜਕੇ ਸੁਖਵਿੰਦਰ ਸਿੰਘ ਦੇ ਬਿਆਨਾਂ ’ਤੇ ਕੁਲਵਿੰਦਰ ਸਿੰਘ, ਅਰਸ਼ਿਵੰਦਰ ਸਿੰਘ, ਅਰਸ਼ਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਸਾਰੇ ਵਾਸੀ ਪਿੰਡ ਡੱਲਾ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਹੇਠ ਕੇਸ ਦਰਜ ਕਰਨ ਉਪਰੰਤ ਹਿਰਾਸਤ ’ਚ ਲੈਣ ਲਈ ਟੀਮ ਕਾਇਮ ਕਰ ਦਿੱਤੀ ਹੈ। ਹਸਪਤਾਲ ਦੇ ਅਮਲੇ ਨੇ ਬਲਦੇਵ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਨ ਲਈ ਕਾਗਜ਼ੀ ਕਾਰਵਾਈ ਅਰੰਭ ਕਰ ਦਿੱਤੀ ਹੈ।