ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 7 ਜੂਨ
ਆੜ੍ਹਤੀਆਂ ਨੂੰ ਬਾਹਰ ਕਰਕੇ ਮੂੰਗੀ ਦੀ ਖਰੀਦ ਸਹਿਕਾਰੀ ਸਭਾਵਾਂ ਰਾਹੀਂ ਕਰਵਾਉਣ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਏਸ਼ੀਆ ਦੀ ਦੂਜੀ ਵੱਡੀ ਮੰਡੀ ’ਚ ਅੱਜ ਤਿੰਨ ਧਰਨੇ ਲੱਗੇ। ਇਕੋ ਸਾਂਝੇ ਮੁੱਦੇ ’ਤੇ ਦੋ ਧਰਨੇ ਆੜ੍ਹਤੀਆਂ ਦੇ ਦੋ ਧੜਿਆਂ ਨੇ ਲਾਏ ਜਦਕਿ ਤੀਸਰਾ ਧਰਨਾ ਮੰਡੀਆਂ ’ਚ ਕੰਮ ਕਰਨ ਵਾਲੇ ਗੱਲਾ ਮਜ਼ਦੂਰਾਂ ਵੱਲੋਂ ਲਾਇਆ ਗਿਆ। ਆੜ੍ਹਤੀਆਂ ਦਾ ਇਕ ਧੜਾ ਫ਼ੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੇ ਸੱਦੇ ’ਤੇ ਪਹਿਲੀ ਜੂਨ ਤੋਂ ਹੜਤਾਲ ’ਤੇ ਹੈ। ਇਹ ਧੜਾ ਲਗਾਤਾਰ ਇਕ ਹਫ਼ਤੇ ਤੋਂ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਅੱਗੇ ਧਰਨਾ ਲਾ ਰਿਹਾ ਹੈ। ਆੜ੍ਹਤੀਆਂ ਦੇ ਦੂਜੇ ਧੜੇ ਨੇ ਇਸ ਮੁੱਦੇ ’ਤੇ ਸੰਘਰਸ਼ ਵੇਲੇ ਧਰਨਾਕਾਰੀਆਂ ਆੜ੍ਹਤੀਆਂ ਦਾ ਸਾਥ ਦੇਣ ਦੀ ਥਾਂ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਟੇਕ ਰੱਖੀ। ਇਸ ਧੜੇ ਨਾਲ ਜੁੜੇ ਆੜ੍ਹਤੀ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੂੰ ਮਿਲੇ ਜਿਨ੍ਹਾਂ ਅੱਗੋਂ ਮੂੰਗੀ ਖਰੀਦ ਦੇ ਮੁੱਦੇ ’ਤੇ ਇਨ੍ਹਾਂ ਦੀ ਚੰਡੀਗੜ੍ਹ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕਰਵਾਈ। ਸਰਕਾਰ ਨੇ ਇਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਆੜ੍ਹਤੀਆਂ ਦੇ ਹਿੱਤਾਂ ਦਾ ਖਿਆਲ ਰੱਖਿਆ ਜਾਵੇਗਾ ਅਤੇ ਉਨ੍ਹਾਂ ਨੂੰ ਕਿਸੇ ਜਿਣਸ ਦੀ ਖਰੀਦ ’ਚੋਂ ਬਾਹਰ ਨਹੀਂ ਕੀਤਾ ਜਾਵੇਗਾ ਪਰ ਇਹ ਭਰੋਸਾ ਪੁੱਗਦਾ ਨਾ ਦਿੱਸਣ ’ਤੇ ਇਸ ਧੜੇ ਨੇ ਵੀ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਧਰਨਾ ਸ਼ੁਰੂ ਕਰ ਦਿੱਤਾ ਹੈ। ਗੱਲਾ ਮਜ਼ਦੂਰ ਯੂਨੀਅਨ ਵੀ ਇਸ ਫ਼ੈਸਲੇ ਖ਼ਿਲਾਫ਼ ਡਟੀ ਹੋਈ ਹੈ ਅਤੇ ਉਨ੍ਹਾਂ ਆੜ੍ਹਤੀਆਂ ਨੂੰ ਬਾਹਰ ਕਰਨ ਦੇ ਨਾਲ ਉਨ੍ਹਾਂ ਦੇ ਹਿੱਤਾਂ ਨੂੰ ਹੋਣ ਵਾਲੇ ਨੁਕਸਾਨ ਦੇ ਖ਼ਿਲਾਫ਼ ਧਰਨਾ ਲਾਇਆ। ਮਾਰਕੀਟ ਕਮੇਟੀ ਦਫ਼ਤਰ ਅੱਗੇ ਧਰਨੇ ’ਚ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਭੱਲਾ, ਪ੍ਰਧਾਨ ਸਵਰਨਜੀਤ ਸਿੰਘ ਗਿੱਦੜਵਿੰਡੀ, ਦੀਦਾਰ ਸਿੰਘ ਮਲਕ, ਧਰਮਿੰਦਰ ਭਾਰਦਵਾਜ, ਪਰਮਜੀਤ ਸਿੰਘ ਪੰਮਾ, ਪ੍ਰਲਾਦ ਸਿੰਗਲਾ ਆਦਿ ਸ਼ਾਮਲ ਹੋਏ। ਇਨ੍ਹਾਂ ਆੜ੍ਹਤੀ ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਫ਼ੈਸਲਾ ਫੌਰੀ ਵਾਪਸ ਲੈਣ ਦੀ ਮੰਗ ਦੁਹਰਾਈ। ਉਨ੍ਹਾਂ ਅਫ਼ਸੋਸ ਜ਼ਾਹਿਰ ਕੀਤਾ ਕਿ ਪੰਜਾਬ ਭਰ ਦੇ ਆੜ੍ਹਤੀ ਇਕ ਹਫ਼ਤੇ ਤੋਂ ਧਰਨਾ ਲਾ ਕੇ ਹੜਤਾਲ ਕਰ ਰਹੇ ਹਨ ਪਰ ਸਰਕਾਰ ਤੇ ਪ੍ਰਸ਼ਾਸਨ ਨੇ ਇਸ ਪਾਸੇ ਉੱਕਾ ਕੋਈ ਧਿਆਨ ਨਹੀਂ ਦਿੱਤਾ। ਇਸ ਮੰਡੀ ’ਚ ਦੂਜਾ ਧਰਨਾ ਪ੍ਰਧਾਨ ਕਨ੍ਹਈਆ ਲਾਲ ਬਾਂਕਾ ਦੀ ਅਗਵਾਈ ’ਚ ਦਿੱਤਾ ਗਿਆ ਜਿਸ ’ਚ ਸੁਰਜੀਤ ਸਿੰਘ ਕਲੇਰ, ਜਗਜੀਤ ਸਿੰਘ ਸਿੱਧੂ, ਹਰਪਾਲ ਸਿੰਘ ਹਾਂਸ, ਮਨਜਿੰਦਰ ਸਿੰਘ ਖਹਿਰਾ, ਦਰਸ਼ਨ ਲਾਲ, ਅੰਮ੍ਰਿਤ ਲਾਲ ਮਿੱਤਲ, ਦਰਸ਼ਨ ਸਿੰਘ ਸਿੱਧਵਾਂ, ਬਲਵਿੰਦਰ ਸਿੰਘ ਗਰੇਵਾਲ ਆਦਿ ਸ਼ਾਮਲ ਹੋਏ। ਗੱਲਾ ਮਜ਼ਦੂਰਾਂ ਦੇ ਧਰਨੇ ’ਚ ਰਾਜਪਾਲ ਸਿੰਘ ਪਾਲਾ, ਬੀਕੇਯੂ ਆਗੂ ਇੰਦਰਜੀਤ ਸਿੰਘ ਧਾਲੀਵਾਲ ਆਦਿ ਸ਼ਾਮਲ ਹੋਏ।