ਪੱਤਰ ਪ੍ਰੇਰਕ
ਜਗਰਾਉਂ, 16 ਜੂਨ
ਸਦਰ ਪੁਲੀਸ ਨੇ ਗਊਆਂ ਨੂੰ ਨੂੜ ਕੇ ਟਰੱਕ ਰਾਹੀਂ ਲੈ ਜਾਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਹਿਰਾਸਤ ’ਚ ਲੈ ਕੇ ਕੇਸ ਦਰਜ ਕੀਤਾ ਹੈ। ਥਾਣਾ ਸਦਰ ਦੇ ਇੰਸਪੈਕਟਰ ਹਰਪ੍ਰੀਤ ਸਿੰਘ ਅਤੇ ਏ.ਐੱਸ.ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਕਿਸੇ ਖਾਸ ਸੂਹੀਏ ਨੇ ਸੂਚਨਾ ਦਿੱਤੀ ਕਿ ਲੁਧਿਆਣਾ-ਫਿਰੋਜ਼ਪੁਰ ਮਾਰਗ ਤੋਂ ਪਿੰਡ ਗੁਰੂਸਰ ਕਾਉਂਕੇ ਨੂੰ ਜਾਂਦੀ ਲਿੰਕ ਸੜਕ ਨਾਲ ਲੱਗਦੀ ਖਾਲੀ ਜ਼ਮੀਨ ਵਿੱਚ ਇੱਕ ਟਰੱਕ 10 ਚੱਕਾ ਖੜ੍ਹਾ ਹੈ। ਉਸ ਵਿੱਚ ਕੁਝ ਆਦਮੀ ਜੋ ਦੇਖਣ ਨੂੰ ਪਰਵਾਸੀ ਲੱਗਦੇ ਹਨ, ਲਾਵਾਰਿਸ ਗਊਆਂ ਨੂੰ ਰੱਸਿਆਂ ਨਾਲ ਨੂੜ੍ਹ ਕੇ ਟਰੱਕ ਵਿੱਚ ਲੱਦ ਕੇ ਤੁਰਨ ਦੀ ਤਿਆਰੀ ’ਚ ਹਨ। ਪੁਲੀਸ ਨੇ ਮਿਲੀ ਸੂਚਨਾ ’ਤੇ ਅਮਲ ਕਰਦਿਆਂ ਦੱਸੀ ਜਗ੍ਹਾ ਤੋਂ ਟਰੱਕ ਸਮੇਤ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਹਿਰਾਸਤ ’ਚ ਲਏ ਮੁਲਜ਼ਮਾਂ ਦੀ ਪਛਾਣ ਅਰਸ਼ਦ ਉਰਫ ਅਰਸ਼ੋਤ ਵਾਸੀ ਬੋਟਹ (ਸਹਾਰਨਪੁਰ), ਅਲਤਾਫ ਉਰਫ ਅਲਤੇਜ ਵਾਸੀ ਗੰਗੋਹ ਰੋਡ ਗੁੱਜ਼ਰਾ (ਸਹਾਰਨ ਪੁਰ) ਅਤੇ ਅਨਵਰ ਹੁਸੈਨ ਉਰਫ ਬਿੱਲੂ ਵਾਸੀ ਚਾਖੜ (ਊਧਮਪੁਰ) ਜੰਮੂ ਵਜੋਂ ਹੋਈ। ਮੁੱਢਲੀ ਪੁੱਛ-ਗਿੱਛ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮਾਂ ਦਾ ਮਕਸਦ ਗਊਆਂ ਨੂੰ ਕੱਟਣ-ਵੱਢਣ ਲਈ ਯੂ.ਪੀ ਅਤੇ ਜੰਮੂ ਲਿਜਾਇਆ ਜਾਣਾ ਸੀ। ਤਿੰਨਾਂ ਖਿਲਾਫ ਕੇਸ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਲਈ ਅਮਲ ਸ਼ੁਰੂ ਕੀਤਾ ਗਿਆ ਹੈ।