ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਫਰਵਰੀ
ਲੁਧਿਆਣਾ ਪੁਲੀਸ ਨੇ ਅੱਜ ਗਾਂਜੇ ਦੀ ਸਪਲਾਈ ਕਰਨ ਜਾ ਰਹੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਟਰੱਕ ਸਣੇ 2 ਕੁਇੰਟਲ 88 ਕਿੱਲੋਂ ਗਾਂਜਾ ਬਰਾਮਦ ਕੀਤਾ ਹੈ, ਜੋ ਕਿ ਵੱਖ-ਵੱਖ ਥਾਵਾਂ ’ਤੇ ਸਪਲਾਈ ਕੀਤਾ ਜਾਣਾ ਸੀ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀਆਈਏ ਪੁਲੀਸ ਨੇ ਸਾਹਨੇਵਾਲ ਜੀਟੀ ਰੋਡ ’ਤੇ ਇੱਕ ਟਰੱਕ ਰੋਕਿਆ, ਜਿਸ ਦਾ ਮਾਲਕ ਮਨਪ੍ਰੀਤ ਸਿੰਘ ਉਰਫ਼ ਗੋਰਾ ਹੈ। ਉਸ ਦੇ ਨਾਲ ਡਰਾਈਵਰ ਕਰਮਜੀਤ ਸਿੰਘ ਉਰਫ਼ ਪੰਮੀ ਵੀ ਟਰੱਕ ਵਿੱਚ ਬੈਠਾ ਸੀ। ਦੋਵੇਂ ਪੰਜਾਬ ਤੋਂ ਉੜੀਸਾ ਤੇ ਝਾਰਖੰਡ ਰੂਟ ’ਤੇ ਆਪਣਾ ਟਰੱਕ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਟਰੱਕ ਵਿੱਚ ਸਾਮਾਨ ਸਪਲਾਈ ਦੇ ਨਾਲ ਨਾਲ ਨਸ਼ੇ ਦੀ ਸਪਲਾਈ ਵੀ ਕਰਨ ਲੱਗੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਉੜੀਸਾ ਨੰਬਰ ਟਰੱਕ ਸਣੇ ਕਾਬੂ ਕੀਤਾ ਗਿਆ ਹੈ। ਇਨ੍ਹਾਂ ਦੇ ਨਾਲ ਬਿਹਾਰ ਵਾਸੀ ਕੁੰਦਨ ਕੁਮਾਰ ਦੀ ਵੀ ਗ੍ਰਿਫ਼ਤਾਰੀ ਹੋਈ ਹੈ। ਇਹ ਸਾਰੇ ਨਸ਼ਾ ਸਪਲਾਈ ਕਰਨ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਨੇ ਜੀਟੀ ਰੋਡ ’ਤੇ ਮੁਲਜ਼ਮਾਂ ਨੂੰ ਕਾਬੂ ਕੀਤਾ ਤਾਂ ਟਰੱਕ ਵਿੱਚੋਂ 16 ਬੋਰੀਆਂ ਗਾਂਜਾ ਬਰਾਮਦ ਹੋਇਆ, ਜਿਸ ਦਾ ਵਜਨ ਕਰੀਬ 2 ਕੁਇੰਟਲ 88 ਕਿੱਲੋਂ ਸੀ।
ਪੁਲੀਸ ਕਮਿਸ਼ਨਰ ਮੁਤਾਬਿਕ ਮਨਪ੍ਰੀਤ ਪੰਮੀ ਨੇ ਦੱਸਿਆ ਕਿ ਉਹ 9 ਫਰਵਰੀ ਨੂੰ ਬੱਚਿਆਂ ਦੇ ਸਾਈਕਲ ਤੇ ਹੋਰ ਸਪੇਅਰ ਪਾਰਟਸ ਲੈ ਕੇ ਉੜੀਸਾ ਗਏ ਸਨ। ਉਥੋਂ ਉਹ ਗੋਬਿੰਦਗੜ੍ਹ ਲਈ ਕੱਚਾ ਲੋਹਾ ਭਰ ਕੇ ਪੰਜਾਬ ਵਿੱਚ ਆਏ ਸਨ। ਇਸ ਦੌਰਾਨ ਉਨ੍ਹਾਂ ਲੋਹੇ ਵਿੱਚ ਹੀ ਗਾਂਜੇ ਦੀਆਂ ਬੋਰੀਆਂ ਨਾਲ ਲੁਕਾ ਦਿੱਤੀਆਂ ਸਨ। ਇਹ ਗਾਂਜਾ ਉਨ੍ਹਾਂ ਨੇ ਲੁਧਿਆਣਾ ਵਿੱਚ ਸਪਲਾਈ ਕਰਨਾ ਸੀ, ਉਸ ਦੇ ਲਈ ਇਨ੍ਹਾਂ ਨੂੰ ਇੱਕ ਲੱਖ ਰੁਪਏ ਮਿਲਣੇ ਸਨ। ਇਸ ਬਾਰੇ ਕੁੰਦਨ ਕੁਮਾਰ ਨੂੰ ਇਹ ਨਸ਼ਾ ਬਾਬੂ ਲਾਲ ਨਾਂ ਦੇ ਵਿਅਕਤੀ ਨੇ ਦਿੱਤਾ ਸੀ। ਇਹ ਗਾਂਜਾ 10 ਲੱਖ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚਣਾ ਸੀ। ਪੁਲੀਸ ਨੇ ਤਿੰਨਾਂ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।