ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਅਕਤੂਬਰ
ਪੈਸੇ ਕਢਵਾਉਣ ਲਈ ਏਟੀਐਮ ਬੂਥ ਅੰਦਰ ਗਏ ਬਜ਼ੁਰਗ ਦਾ ਏਟੀਐਮ ਕਾਰਡ ਬਦਲ ਕੇ ਧੋਖੇ ਨਾਲ ਪੈਸੇ ਕਢਵਾਉਣ ਵਾਲੇ ਤਿੰਨ ਮੁਲਜ਼ਮਾਂ ਨੂੰ ਥਾਣਾ ਡਵੀਜ਼ਨ ਨੰਬਰ-3 ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਇਲਾਕੇ ’ਚੋਂ ਨਾਕਾਬੰਦੀ ਦੌਰਾਨ ਕਾਬੂ ਕਰ ਉਨ੍ਹਾਂ ਦੇ ਕਬਜ਼ੇ ’ਚੋਂ ਵੱਖ-ਵੱਖ ਬੈਂਕਾਂ ਦੇ ਸੱਤ ਏਟੀਐਮ ਕਾਰਡ ਅਤੇ ਪੰਜ ਹਜ਼ਾਰ ਨਗਦ ਬਰਾਮਦ ਕਰ ਲਏ ਹਨ। ਪੁਲੀਸ ਨੇ ਇਸ ਮਾਮਲੇ ’ਚ ਲੁਹਾਰਾ ਦੇ ਮੁਹੱਲਾ ਸੁਖਦੇਵ ਨਗਰ ਵਾਸੀ ਸਰਫਰਾਜ ਖਾਨ ਦੀ ਸ਼ਿਕਾਇਤ ’ਤੇ ਹਰਗੋਬਿੰਦ ਨਗਰ ਵਾਸੀ ਸ਼ੁਭਮ ਸਿੰਘ, ਪ੍ਰਿੰਸ ਸ਼ਰਮਾ ਤੇ ਚੰਡੀਗੜ੍ਹ ਰੋਡ ਸਥਿਤ ਪਿੰਡ ਜੰਡਿਆਲੀ ਵਾਸੀ ਧਰਮਵੀਰ ਸਿੰਘ ਉਰਫ਼ ਗੋਨੀ ਖਿਲਾਫ਼ ਧੋਖਾਧੜੀ ਸਣੇ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਏਸੀਪੀ ਸੰਦੀਪ ਵਢੇਰਾ ਤੇ ਥਾਣਾ ਡਿਵੀਜ਼ਨ ਨੰਬਰ-6 ਦੇ ਐਸਐਚਓ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਸਰਫਰਾਜ ਦੇ ਪਿਤਾ ਨੇ 23 ਅਕਤੂਬਰ ਨੂੰ ਡਰਾਈਵਰ ਨੂੰ ਦੀਵਾਲੀ ਕਰ ਕੇ ਪੈਸੇ ਦੇਣੇ ਸਨ ਤਾਂ ਉਹ ਓਸਵਾਲ ਰੋਡ ’ਤੇ ਇਲਾਹਾਬਾਦ ਬੈਂਕ ਦੀ ਮਸ਼ੀਨ ’ਤੇ ਪੈਸੇ ਕਢਵਾਉਣ ਚਲੇ ਗਏ। ਇਸੇ ਦੌਰਾਨ ਤਿੰਨ ਜਣੇ ਉੱਥੇ ਪੁੱਜੇ। ਦੋ ਜਣੇ ਬੂਥ ਅੰਦਰ ਚਲੇ ਗਏ ਤੇ ਇੱਕ ਬਾਹਰ ਖੜ੍ਹਾ ਰਿਹਾ। ਬਜ਼ੁਰਗ ਨੂੰ ਕੁਝ ਸਮਾਂ ਲੱਗਿਆ ਤਾਂ ਮੁਲਜ਼ਮਾਂ ਨੇ ਏਟੀਐਮ ’ਚੋਂ ਪੈਸੇ ਕਢਵਾ ਕੇ ਦੇਣ ਦਾ ਝਾਂਸਾ ਦਿੱਤਾ। ਬਜ਼ੁਰਗ ਨੇ ਏਟੀਐਮ ਮੁਲਜ਼ਮਾਂ ਨੂੰ ਫੜਾ ਦਿੱਤਾ ਤੇ ਪਿਨ ਵੀ ਦੱਸ ਦਿੱਤਾ। ਮੁਲਜ਼ਮਾਂ ਏਟੀਐਮ ਕਾਰਡ ਬਦਲ ਦਿੱਤਾ ਤੇ ਬਜ਼ੁਰਗ ਨੂੰ ਕਿਹਾ ਕਿ ਉਨ੍ਹਾਂ ਦਾ ਕਾਰਡ ਬਲੌਕ ਹੋ ਚੁੱਕਾ ਹੈ। ਬਜ਼ੁਰਗ ਦੇ ਜਾਣ ਤੋਂ ਬਾਅਦ ਮੁਲਜ਼ਮਾਂ ਨੇ ਤਿੰਨ ਵਾਰ ਟ੍ਰਾਂਜੈਕਸ਼ਨ ਕਰ ਕੇ ਖਾਤੇ ਵਿੱਚੋਂ 25 ਹਜ਼ਾਰ ਕੱਢਵਾ ਲਏ। ਸਰਫਰਾਜ ਨੇ ਤੁਰੰਤ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ।