ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਅਪਰੈਲ
ਗਾਂਧੀ ਨਗਰ ਦੀ ਕਪਿਲ ਗਾਰਮੈਂਟਸ ਦੀ ਦੁਕਾਨ ਦੇ ਤਾਲੇ ਤੋੜ ਕੇ 25 ਲੱਖ ਰੁਪਏ ਨਗਦੀ ਚੋਰੀ ਕਰਨ ਦੇ ਮਾਮਲੇ ’ਚ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ’ਚ ਇੱਕ ਔਰਤ ਵੀ ਸ਼ਾਮਲ ਹੈ, ਜਦੋਂ ਕਿ ਇੱਕ ਮੁਲਜ਼ਮ ਹਾਲੇ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲੀਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ’ਚੋਂ 16 ਲੱਖ 64 ਹਜ਼ਾਰ ਰੁਪਏ ਕੈਸ਼ ਬਰਾਮਦ ਕੀਤੇ ਹਨ। ਪੁਲੀਸ ਨੇ 2 ਮੁਲਜ਼ਮਾਂ ਨੂੰ ਇਲਾਕੇ ’ਚ ਨਾਕਾਬੰਦੀ ਦੌਰਾਨ ਗ੍ਰਿਫ਼ਤਾਰ ਕੀਤਾ ਹੈ ਤੇ ਦੋਹਾਂ ਦੀ ਨਿਸ਼ਾਨਦੇਹੀ ’ਤੇ ਇੱਕ ਔਰਤ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕਿਲਾ ਮੁਹੱਲਾ ਵਾਸੀ ਦੀਪਕ ਕੁਮਾਰ ਉਰਫ਼ ਦੀਪੂ, ਮੋਨੂੰ ਅਤੇ ਰਾਜ ਰਾਣੀ ਦੇ ਰੂਪ ’ਚ ਹੋਈ ਹੈ, ਜਦੋਂ ਕਿ ਵਿਨੋਦ ਹਾਲੇ ਫ਼ਰਾਰ ਹੈ। ਪੁਲੀਸ ਫ਼ਰਾਰ ਚੱਲ ਰਹੇ ਮੁਲਜ਼ਮਾਂ ਦੀ ਭਾਲ ’ਚ ਲੱਗੀ ਹੋਈ ਹੈ। ਪੁਲੀਸ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿਛ ਕਰਨ ’ਚ ਲੱਗੀ ਹੋਈ ਹੈ।
ਡੀਸੀਪੀ ਸਿਮਰਤਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਕਪਿਲ ਕੁਮਾਰ ਦੀ ਕਪਿਲ ਗਾਰਮੈਂਟਸ ਨਾਂ ਦੀ ਦੁਕਾਨ ਵਿੱਚੋਂ ਕੁਝ ਦਿਨ ਪਹਿਲਾਂ ਉਸਦੀ ਦੁਕਾਨ ਦੇ ਤਾਲੇ ਤੋੜ ਕੇ 25 ਲੱਖ ਨਗਦੀ ਚੋਰੀ ਕਰ ਲਈ ਗਈ ਸੀ। ਥਾਣਾ ਡਵੀਜ਼ਨ ਨੰਬਰ 4 ਦੀ ਪੁਲੀਸ ਨੇ ਇਸ ਮਾਮਲੇ ’ਚ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪਤਾ ਲੱਗਿਆ ਕਿ ਚੋਰੀ ਦੀ ਵਾਰਦਾਤ ਨੂੰ ਮੁਲਜ਼ਮ ਦੀਪੂ, ਮੋਨੂੰ ਅਤੇ ਵਿਨੋਦ ਨੇ ਅੰਜਾਮ ਦਿੱਤਾ ਹੈ। ਜਦੋਂ ਕਿ ਵਿਨੋਦ ਦੀ ਮਾਂ ਰਾਜ ਰਾਣੀ ਵੀ ਇਸ ’ਚ ਸ਼ਾਮਲ ਹੈ। ਪੁਲੀਸ ਨੇ ਜਾਂਚ ਦੌਰਾਨ ਸਬੂਤ ਇਕੱਠੇ ਕੀਤੇ ਅਤੇ ਮੁਲਜ਼ਮ ਦੀਪੂ ਤੇ ਮੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਦੌਰਾਨ ਪਤਾ ਲੱਗਿਆ ਕਿ ਵਿਨੋਦ ਦੀ ਮਾਂ ਵੀ ਇਸ ’ਚ ਸ਼ਾਮਲ ਹੈ। ਜਿਸ ਤੋਂ ਬਾਅਦ ਪੁਲੀਸ ਨੇ ਮੁਲਜ਼ਮ ਔਰਤ ਨੂੰ ਵੀ ਕਾਬੂ ਕਰ ਲਿਆ। ਪੁਲੀਸ ਮੁਲਜ਼ਮਾਂ ਤੋਂ ਪੁੱਛਗਿਛ ਕਰ ਹੁਣ ਵਿਨੋਦ ਦਾ ਪਤਾ ਲਾਉਣ ’ਚ ਲੱਗੀ ਹੋਈ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਪਹਿਲਾਂ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮ ਵਿਨੋਦ ਦੀ ਭਾਲ ਜਾਰੀ ਹੈ ਤੇ ਜਲਦੀ ਹੀ ਉਸਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਿਊਲਰ ਸ਼ਾਪ ਤੋਂ ਮੁੰਦਰੀਆਂ ਚੋਰੀ ਕਰਨ ਵਾਲਾ ਗ੍ਰਿਫ਼ਤਾਰ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਡਿਵੀਜ਼ਨ ਨੰਬਰ ਚਾਰ ਦੀ ਪੁਲੀਸ ਨੇ ਸਰਾਫ਼ਾ ਬਾਜ਼ਾਰ ਸਥਿਤ ਇਕ ਜਿਊਲਰ ਸ਼ਾਪ ਤੋਂ ਦੋ ਸੋਨੇ ਦੀਆਂ ਮੁੰਦਰੀਆਂ ਚੋਰੀ ਕਰਨ ਵਾਲੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜਿਸਦੀ ਪਛਾਣ ਰਾਹੁਲ ਵਰਮਾ ਵਾਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇੜੇ ਸੰਗੀਤ ਸਿਨਮਾ ਵੱਜੋਂ ਕੀਤੀ ਗਈ ਹੈ। ਅੱਜ ਇੱਥੇ ਜਾਣਕਾਰੀ ਦਿੰਦਿਆਂ ਏਸੀਪੀ ਕੇਂਦਰੀ ਹਰਸਿਮਰਤ ਸਿੰਘ ਨੇ ਦੱਸਿਆ ਹੈ ਕਿ ਕਪੂਰ ਹਸਪਤਾਲ ਨੇੜਿਉਂ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਿਚਲੂ ਨਗਰ ਵਾਸੀ ਸਾਹਿਲ ਧੀਰ ਦੀ ਸਰਾਫ਼ਾ ਬਾਜ਼ਾਰ ਵਿੱਚ ਜਗਦੰਬੇ ਜਿਊਲਰ ਨਾਂ ਦੁਕਾਨ ਵਿੱਚੋਂ ਇੱਕ ਵਿਅਕਤੀ ਸੋਨੇ ਦੀਆਂ ਮੁੰਦਰੀਆਂ ਅਤੇ ਸੋਨੇ ਦੀ ਚੇਨੀ ਖਰੀਦਣ ਲਈ ਆਇਆ ਤਾਂ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਵੱਲੋਂ ਉਸ ਨੂੰ ਸੋਨੇ ਦੀਆਂ ਮੁੰਦਰੀਆਂ ਅਤੇ ਚੇਨਾਂ ਦਿਖਾਈਆਂ ਗਈਆਂ ਪਰ ਉਸ ਨੇ ਮੁੰਦਰੀਆਂ ਵੇਖਦਿਆਂ ਡੱਬੇ ਵਿੱਚੋਂ ਦੋ ਮੁੰਦਰੀਆਂ ਆਪਣੇ ਹੱਥ ਵਿੱਚ ਰੱਖ ਕੇ ਪੈਂਟ ਦੀ ਜੇਬ ਵਿੱਚ ਪਾ ਲਈਆਂ ਅਤੇ ਬਾਹਰ ਚਲਾ ਗਿਆ। ਇਸ ਦੌਰਾਨ ਜਦੋਂ ਕਾਊਂਟਰ ਤੇ ਬੈਠੇ ਲੜਕੇ ਨੂੰ ਮੁੰਦਰੀਆਂ ਘੱਟ ਹੋਣ ਬਾਰੇ ਪਤਾ ਲੱਗਾ ਤਾਂ ਉਹ ਦੁਕਾਨ ਤੋਂ ਬਾਹਰ ਆ ਗਿਆ ਅਤੇ ਉਸਨੇ ਸਕੂਟਰ ’ਤੇ ਜਾ ਰਹੇ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਧੱਕਾ ਦੇ ਕੇ ਸਕੂਟਰ ਨੰਬਰ ਪੀਬੀ 91 ਕੇ 4119 ਤੇ ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਤਫ਼ਤੀਸ਼ ਦੌਰਾਨ ਪੁਲੀਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਕੀਤੀਆਂ ਮੁੰਦਰੀਆਂ ਬਰਾਮਦ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਉਸ ਖਿਲਾਫ਼ ਇਸ ਤੋਂ ਪਹਿਲਾਂ ਕਿਸੇ ਵੀ ਥਾਣੇ ਵਿੱਚ ਕੋਈ ਕੇਸ ਦਰਜ਼ ਨਹੀਂ ਹੈ। ਪੁਲੀਸ ਮੁਲਜ਼ਮ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ।