ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 25 ਮਈ
ਇੱਥੇ ਸ਼ਹਿਰ ਦੇ ਮੁੱਖ ਅਨਾਰਕਲੀ ਬਾਜ਼ਾਰ ’ਚ ਬੀਤੇ ਕੱਲ ਦੁਪਹਿਰ ਵੇਲੇ ਕੱਪੜੇ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਲੜਕੇ ਸਚਿਨ ਦੀ ਬੁਰੀ ਤਰ੍ਹਾਂ ਕੁੱਟਮਾਰ ਅਤੇ ਕਿਰਪਾਨਾਂ ਨਾਲ ਵਾਰ ਕਰ ਕੇ ਜ਼ਖ਼ਮੀ ਕਰਨ ਉਪਰੰਤ ਅਗਵਾ ਕਰਕੇ ਨਾਲ ਲੈ ਜਾਣ ਵਾਲੇ ਤਿੰਨ ਮੁਲਜ਼ਮ ਪੁਲੀਸ ਨੇ ਗ੍ਰਿਫਤਾਰ ਕਰ ਲਏ ਹਨ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਚਮਕੌਰ ਸਿੰਘ ਨੇ ਦੱਸਿਆ ਕਿ ਪੀੜਤ ਸਚਿਨ ਦੇ ਬਿਆਨਾਂ ’ਤੇ ਥਾਣਾ ਸ਼ਹਿਰੀ ’ਚ ਮਾਮਲਾ ਦਰਜ ਕਰਨ ਉਪਰੰਤ ਤਿੰਨ ਮੁਲਜ਼ਮ ਸਾਗਰ ਕਲਿਆਣ, ਇੰਦਰਪ੍ਰੀਤ ਸਿੰਘ ਅਤੇ ਸਨੀ ਸਾਰੇ ਵਾਸੀ ਰਾਣੀ ਵਾਲਾ ਖੂਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 17 ਸਾਲਾ ਪੀੜਤ ਲੜਕੇ ਨੇ ਦੱਸਿਆ ਕਿ ਉਕਤ ਤਿੰਨ ਨੌਜਵਾਨਾਂ ਨੇ ਪਹਿਲਾਂ ਉਸਦੀ ਬਾਜ਼ਾਰ ’ਚ ਕਿਰਪਾਨਾਂ, ਪੰਚ ਅਤੇ ਕੜੇ ਨਾਲ ਕੁੱਟਮਾਰ ਕੀਤੀ। ਫਿਰ ਉੱਥੋਂ ਕੋਠੇ ਰਾਹਲਾਂ ਰਜਬਾਹੇ ਦੇ ਪੁਲ ’ਤੇ ਲੈ ਗਏ। ਉੱਥੇ ਫਿਰ ਉਸਦੀ ਕੁੱਟਮਾਰ ਕੀਤੀ ਗਏ। ਮੁਲਜ਼ਮਾਂ ਨੇ ਉਸਦੇ ਗਲੇ ’ਚ ਪਾਈ ਕਰੀਬ ਤਿੰਨ ਤੋਲੇ ਦੀ ਚਾਂਦੀ ਦੀ ਚੇਨ, ਮੋਬਾਈਲ ਫੋਨ ਖੋਹ ਲਿਆ ਅਤੇ ਅੰਗੂਠੀ ਉਤਾਰ ਲਈ। ਏਐੱਸਆਈ ਚਮਕੌਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਅਤੇ ਵਰਤੇ ਹਥਿਆਰ ਬਰਾਮਦ ਕੀਤੇ ਜਾਣਗੇ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਵੀ ਨਵੀਂ ਦਾਣਾ ਮੰਡੀ ਵਾਲੇ ਪਾਸੇ ਜੂਸ ਪੀ ਰਹੇ ਦੋ ਨੌਜਵਾਨਾਂ ਨੂੰ ਵੀ ਚਾਰ ਮੋਟਰਸਾਈਕਲ ਸਵਾਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਵੀ ਪੁਲੀਸ ਨੇ ਦਰਜ ਕੀਤਾ ਸੀ।