ਗਗਨਦੀਪ ਅਰੋੜਾ
ਲੁਧਿਆਣਾ, 3 ਮਈ
ਗਿੱਲ ਰੋਡ ਦੀ ਦਾਣਾ ਮੰਡੀ ਦੇ ਬਾਹਰ ਮਨੀ ਟਰਾਂਸਫਰ ਕੰਪਨੀ ਦੇ ਮੁਲਾਜ਼ਮ ਤੋਂ 10 ਲੱਖ ਰੁਪਏ ਲੁੱਟਣ ਦੇ ਮਾਮਲੇ ’ਚ ਅੱਜ ਤਿੰਨ ਮੁਲਜ਼ਮਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਕੋਈ ਹੋਰ ਨਹੀਂ ਬਲਕਿ ਜਿਸ ਵਿਅਕਤੀ ਤੋਂ ਲੁੱਟ ਹੋਈ, ਉਸ ਦੇ 2 ਸਾਥੀ ਹੀ ਸਨ। ਪੁਲੀਸ ਨੇ ਕਈ ਪਹਿਲੂਆਂ ’ਤੇ ਜਾਂਚ ਕੀਤੀ ਤੇ ਜਾਂਚ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਮੁਲਜ਼ਮਾਂ ਤੋਂ ਜੋ ਲੁੱਟ ਹੋਈ, ਲੁੱਟਣ ਵਾਲੇ ਕੋਈ ਹੋਰ ਨਹੀਂ ਸਗੋਂ ਮੁਲਜ਼ਮ ਦੇ ਪੁਰਾਣੇ ਦੋਸਤ ਹਨ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਦੇ ਕਬਜ਼ੇ ’ਚੋਂ 9 ਲੱਖ 75 ਹਜ਼ਾਰ ਕੈਸ਼ ਬਰਾਮਦ ਕਰ ਲਿਆ ਹੈ। ਇਸ ਮਾਮਲੇ ’ਚ ਪੁਲੀਸ ਨੇ ਫਗਵਾੜਾ ਦੇ ਗ੍ਰੀਨ ਮਾਡਲ ਟਾਊਨ ਵਾਸੀ ਅਨਮੋਲ ਕਾਕੂ, ਕਮਲਪ੍ਰੀਤ ਸਿੰਘ ਉਰਫ਼ ਕਮਲ ਤੇ ਕੰਪਨੀ ਦੇ ਮੁਲਾਜ਼ਮ ਆਦਮਪੁਰ ਮੁਹੱਲਾ ਵਾਸੀ ਰਿਤੇਸ਼ ਸ਼ਰਮਾ ਉਰਫ਼ ਹਨੀ ਨੂੰ ਗ੍ਰਿਫ਼ਤਾਰ ਕਰ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ। ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਹਨੀ ਮਨੀ ਟਰਾਂਸਫਰ ਦੀ ਇੱਕ ਕੰਪਨੀ ’ਚ ਕੰਮ ਕਰਦਾ ਸੀ। ਉਹ ਰੋਜ਼ਾਨਾ ਲੱਖਾਂ ਰੁਪਏ ਕੈਸ਼ ਵੱਖ-ਵੱਖ ਥਾਵਾਂ ਤੋਂ ਇਕੱਠਾ ਕਰਕੇ ਦਫ਼ਤਰ ਜਮ੍ਹਾਂ ਕਰਵਾਉਂਦੇ ਹਨ। ਉਨ੍ਹਾਂ ਨੂੰ ਕੁਝ ਪੈਸੇ ਬਤੌਰ ਕਮਿਸ਼ਨ ਮਿਲਦੇ ਸਨ। ਰੋਜ਼ਾਨਾ ਲੱਖ ਰੁਪਏ ਦੇਖ ਹਨੀ ਦਾ ਮਨ ਬਦਲ ਗਿਆ ਤੇ ਉਸ ਨੇ ਪੈਸੇ ਲੁੱਟਣ ਦੀ ਯੋਜਨਾ ਬਣਾਈ। ਉਸ ਨੇ ਇਸ ਕੰਮ ’ਚ ਆਪਣੇ 2 ਦੋਸਤਾਂ ਨੂੰ ਨਾਲ ਲਿਆ। ਸਾਰੀ ਯੋਜਨਾ ਬਣਾਉਣ ਤੋਂ ਬਾਅਦ ਵਾਰਦਾਤ ਦੇ ਦਿਨ 19 ਅਪਰੈਲ ਨੂੰ ਉਹ ਵੱਖ-ਵੱਖ ਥਾਵਾਂ ਤੋਂ ਪੈਸੇ ਇਕੱਠੇ ਕਰਨ ਗਿਆ। ਉਨ੍ਹਾਂ ਦਾ ਦਫ਼ਤਰ ਵੀ ਅਰੋੜਾ ਪੈਲੇਸ ਦੇ ਪਿੱਛੇ ਦਾਣਾ ਮੰਡੀ ’ਚ ਬਣੇ ਕੰਪਲੈਕਸ ’ਚ ਸੀ। ਪੂਰੀ ਯੋਜਨਾ ਬਣਾਈ ਗਈ ਕਿ ਉਨ੍ਹਾਂ ਕਿਵੇਂ ਵਾਰਦਾਤ ਨੂੰ ਅੰਜਾਮ ਦੇਣਾ ਹੈ। ਹਨੀ ਤੇ ਉਸ ਦੇ ਨਾਲ ਕੰਮ ਕਰਨ ਵਾਲਾ ਲੜਕਾ ਜੱਸ ਆ ਰਹੇ ਸਨ। ਜੱਸ ਮੋਟਰਸਾਈਕਲ ਚਲਾ ਰਿਹਾ ਸੀ ਤੇ ਹਨੀ ਪਿੱਛੇ ਬੈਠਾ ਸੀ। ਇਸੇ ਦੌਰਾਨ ਪਿੱਛੋਂ ਆਏ ਮੁਲਜ਼ਮਾਂ ਨੇ ਮੋੜ ’ਤੇ ਹੀ ਪੈਸਿਆਂ ਨਾਲ ਭਰਿਆ ਬੈਗ ਖੋਹ ਲਿਆ ਤੇ ਫ਼ਰਾਰ ਹੋ ਗਿਆ। ਹਨੀ ਅਤੇ ਜੱਸ ਨੇ ਮੁਲਜ਼ਮਾਂ ਦਾ ਪਿੱਛਾ ਵੀ ਕੀਤਾ, ਪਰ ਮੁਲਜ਼ਮ ਫ਼ਰਾਰ ਹੋਣ ’ਚ ਕਾਮਯਾਬ ਹੋ ਗਏ।
ਪਹਿਲੇ ਹੀ ਦਿਨ ਸ਼ੱਕ ਦੇ ਘੇਰੇ ’ਚ ਆ ਗਿਆ ਸੀ ਮੁਲਜ਼ਮ ਹਨੀ
ਸੂਚਨਾ ਮਿਲਣ ਤੋਂ ਬਾਅਦ ਜਦੋਂ ਪੁਲੀਸ ਮੌਕੇ ’ਤੇ ਪੁੱਜ ਕੇ ਜਾਂਚ ਕਰਨ ਲੱਗੀ ਤਾਂ ਹਨੀ ਤੋਂ ਪੁੱਛਗਿਛ ਦੌਰਾਨ ਹਨੀ ਦੀ ਜ਼ੁਬਾਨ ਲੜਖੜਾ ਰਹੀ ਸੀ। ਇਸ ਤੋਂ ਬਾਅਦ ਪੁਲੀਸ ਨੂੰ ਉਸ ’ਤੇ ਸ਼ੱਕ ਹੋਇਆ। ਵੱਖ-ਵੱਖ ਅਧਿਕਾਰੀਆਂ ਨੇ ਉਸ ਤੋਂ ਪੁੱਛਗਿਛ ਕੀਤੀ ਉਹ ਹਰ ਵਾਰ ਪੁਲੀਸ ਕੋਲ ਬਿਆਨ ਬਦਲਦਾ ਰਿਹਾ ਤਾਂ ਕਿ ਪੁਲੀਸ ਉਨ੍ਹਾਂ ਦੀਆਂ ਗੱਲਾਂ ਦਾ ਭਰੋਸਾ ਕਰ ਸਕੇ, ਪਰ ਪੁਲੀਸ ਨੂੰ ਹਨੀ ’ਤੇ ਪੂਰਾ ਸ਼ੱਕ ਸੀ ਤੇ ਹਨੀ ਨੂੰ ਜਾਂਚ ਦੌਰਾਨ ਹੀ ਪੁਲੀਸ ਨੇ ਕਾਬੂ ਕਰ ਲਿਆ। ਸਖਤੀ ਨਾਲ ਪੁੱਛਗਿਛ ਕੀਤੀ ਤਾਂ ਮੁਲਜ਼ਮ ਨੇ ਸਾਰੀ ਸੱਚਾਈ ਬਿਆਨ ਕਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਉਸ ਦੇ 2 ਦੋਸਤਾਂ ਨੂੰ ਕਾਬੂ ਕਰਕੇ ਪੈਸੇ ਬਰਾਮਦ ਕਰ ਲਏ।