ਜੋਗਿੰਦਰ ਸਿੰਘ ਓਬਰਾਏ
ਖੰਨਾ, 10 ਅਪਰੈਲ
ਇਥੋਂ ਦੀ ਪੁਲੀਸ ਨੇ ਨਾਜਾਇਜ਼ ਅਸਲੇ ਤੇ ਕਾਰਤੂਸ ਸਮੇਤ 3 ਵਿਅਕਤੀ ਕਾਬੂ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸ.ਐੱਸ.ਪੀ ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਥਾਣੇਦਾਰ ਨਛੱਤਰ ਸਿੰਘ ਪੁਲੀਸ ਪਾਰਟੀ ਨਾਲ ਦੋਰਾਹਾ ਜੀ.ਟੀ ਰੋਡ ’ਤੇ ਚੈਕਿੰਗ ਕਰ ਰਹੇ ਸਨ ਤਾਂ ਦੋ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ ਤੇ ਉਨ੍ਹਾਂ ਨੂੰ ਚੈੱਕ ਕੀਤਾ ਤਾਂ ਜੁਗਰਾਜ ਸਿੰਘ ਵਾਸੀ ਮੋਹਨਪੁਰ (ਉੱਤਰਾਖੰਡ) ਪਾਸੋਂ 2 ਦੇਸੀ ਪਿਸਤੌਲ 315 ਬੋਰ ਸਮੇਤ 8 ਜ਼ਿੰਦਾ ਕਾਰਤੂਸ ਅਤੇ ਦੂਜੇ ਵਿਅਕਤੀ ਹਰਮਨਪ੍ਰੀਤ ਸਿੰਘ ਵਾਸੀ ਸੈਦਨਗਰ ਮੁੰਡੀਆ (ਉੱਤਰ ਪ੍ਰਦੇਸ਼) ਪਾਸੋਂ 1 ਦੇਸੀ ਪਿਸਤੌਲ 315 ਬੋਰ ਸਮੇਤ 5 ਜ਼ਿੰਦਾ ਕਾਰਤੂਸ ਬਰਾਮਦ ਹੋਏ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕਰਕੇ ਜਦੋਂ ਪੁੱਛ-ਗਿੱਛ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਜੁਗਰਾਜ ਸਿੰਘ ਆਪਣੇ ਇਲਾਕੇ ਦਾ ਨਾਮੀ ਬਦਮਾਸ਼ ਹੈ, ਜਿਸ ’ਤੇ ਪਹਿਲਾਂ ਵੀ ਨਾਜਾਇਜ਼ ਅਸਲਾ ਰੱਖਣ, ਲੁੱਟਾਂ ਖੋਹਾਂ ਤੇ ਡਕੈਤੀਆਂ ਦੇ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਹਨ। ਇਹ ਵਿਅਕਤੀ ਦਿੱਲੀ ਤਿਹਾੜ ਜੇਲ ਤੋਂ ਪੈਰੋਲ ’ਤੇ ਆਇਆ ਸੀ ਪਰ ਵਾਪਸ ਨਹੀਂ ਗਿਆ। ਜੁਗਰਾਜ ਸਿੰਘ ਨੇ ਬਲਵਿੰਦਰ ਸਿੰਘ ਉਰਫ਼ ਚਾਚਾ ਨਾਂਅ ਦੇ ਵਿਅਕਤੀ ਨਾਲ ਮਿਲ ਕੇ ਮਾਰਚ ਮਹੀਨੇ ਚੰਡੀਗੜ੍ਹ ਵਿਚ ਬੈਂਕ ਲੁੱਟਣ ਅਤੇ ਦਿੱਲੀ ਵਿੱਚ ਲੁੱਟ ਖੋਹ ਨੂੰ ਅੰਜਾਮ ਦੇਣ ਦੀ ਰੈਕੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਜੁਗਰਾਜ ਸਿੰਘ ਤੇ ਉਸ ਦਾ ਸਾਥੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਅੰਮ੍ਰਿਤਸਰ ਦੇ ਪਿੰਡ ਅਜਨਾਲਾ ਵਿੱਚ ਹਥਿਆਰ ਲੈ ਕੇ ਜਾ ਰਹੇ ਸਨ, ਜਿਨ੍ਹਾਂ ਨੂੰ ਪੁਲੀਸ ਨੇ ਕਾਬੂ ਕਰ ਲਿਆ।