ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਅਪਰੈਲ
ਇੱਥੋਂ ਦੇ ਧਾਗਾ ਕਾਰੋਬਾਰੀ ਕੋਲੋਂ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਰਾਹੀਂ ਤਿੰਨ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ਹੇਠ ਥਾਣਾ ਸਰਾਭਾ ਨਗਰ ਦੀ ਪੁਲੀਸ ਨੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੇ ਧਾਗਾ ਕਾਰੋਬਾਰੀ ਨੂੰ ਪੈਸੇ ਨਾ ਦੇਣ ਦੇ ਬਦਲੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ। ਇਸ ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਦਾ ਭਰਾ ਮਨੀਲਾ ਤੇ ਇੱਕ ਹੋਰ ਨੌਜਵਾਨ ਕੈਨੇਡਾ ਤੋਂ ਕਾਰੋਬਾਰੀਆਂ ਨੂੰ ਫੋਨ ਕਰਦਾ ਸੀ। ਇਸ ਸਬੰਧੀ ਥਾਣਾ ਸਰਾਭਾ ਨਗਰ ਦੀ ਪੁਲੀਸ ਨੇ ਅਗਰ ਨਗਰ ਦੇ ਰਹਿਣ ਵਾਲੇ ਗੌਰਵ ਮਿੱਤਲ ਦੀ ਸ਼ਿਕਾਇਤ ’ਤੇ ਰਾਜਗੁਰੂ ਨਗਰ ਸਥਿਤ ਐਮਆਈਜੀ ਫਲੈਟ ਵਾਸੀ ਤੇਜਿੰਦਰਪਾਲ ਸਿੰਘ ਤੇ ਉਸ ਦੇ ਡਰਾਈਵਰ ਮੁੱਲਾਂਪੁਰ ਦੇ ਪਿੰਡ ਬੁੜਾਪੱਤੀ ਵਾਸੀ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਕੇਸ ਦਰਜ ਕੀਤਾ ਸੀ। ਮਾਮਲੇ ਦੀ ਪੜਤਾਲ ਮਗਰੋਂ ਪੁਲੀਸ ਨੇ ਮੁਲਜ਼ਮਾਂ ਨੂੰ 24 ਘੰਟੇ ਦੇ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ ਪੁਲੀਸ ਨੇ ਜਦੋਂ ਮੁਲਜ਼ਮਾਂ ਦੀ ਘੇਰਾਬੰਦੀ ਕੀਤੀ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ।
ਇਸ ਦੌਰਾਨ ਤੇਜਿੰਦਰਪਾਲ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਮਾਮਲੇ ’ਚ ਪੁਲੀਸ ਨੇ ਮਨੀਲਾ ਦੇ ਰਹਿਣ ਵਾਲੇ ਤੇਜਿੰਦਰਪਾਲ ਸਿੰਘ ਦੇ ਚਚੇਰੇ ਭਰਾ ਰਮਨਦੀਪ ਸਿੰਘ ਤੇ ਕੈਨੇਡਾ ਦੇ ਵੈਨਕੂਵਰ ਵਾਸੀ ਪੁਨੀਤ ਨੂੰ ਵੀ ਨਾਮਜ਼ਦ ਕਰ ਲਿਆ ਹੈ। ਏਡੀਸੀਪੀ ਗੁਰਪ੍ਰੀਤ ਕੌਰ ਪੁਰੇਵਾਲ ਨੇ ਦੱਸਿਆ ਕਿ ਗੌਰਵ ਮਿੱਤਲ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ ਸੀ ਤੇ ਕਾਲ ਕਰਨ ਵਾਲੇ ਰਮਨਦੀਪ ਸਿੰਘ ਨੇ ਉਸ ਤੋਂ ਤਿੰਨ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਮੁਲਜ਼ਮਾਂ ਨੇ ਉਸ ਨੂੰ ਉਸ ਦੇ ਪਰਿਵਾਰ ਦੀ ਤਸਵੀਰ ਵੀ ਭੇਜੀ ਹੈ। ਗੌਰਵ ਨੇ ਅਨੁਸਾਰ ਮੁਲਜ਼ਮਾਂ ਦੇ ਇਕ ਫਾਰਚੂਨਰ ਗੱਡੀ ਰਾਹੀਂ ਉਸ ਦੇ ਪਰਿਵਾਰ ਦਾ ਪਿੱਛਾ ਕਰਕੇ ਤਸਵੀਰ ਖਿੱਚੀ ਸੀ। ਪੁਲੀਸ ਅਨੁਸਾਰ ਤੇਜਿੰਦਰਪਾਲ ਸਿੰਘ ਨੇ ਫਾਰਚੂਨਰ ਦਾ 0008 ਨੰਬਰ 5 ਲੱਖ ਰੁਪਏ ਦੀ ਬੋਲੀ ਦੇ ਕੇ ਲਿਆ ਸੀ। ਉਹ ਫਾਰਚੂਨਰ ਕਾਰ ’ਚ ਕਾਰੋਬਾਰੀਆਂ ਦਾ ਪਤਾ ਲਾਉਂਦਾ ਸੀ ਤੇ ਪੂਰੀ ਰੇਕੀ ਕਰ ਉਨ੍ਹਾਂ ਦੀ ਤਸਵੀਰ ਲੈਣ ਤੋਂ ਬਾਅਦ ਮਨੀਲਾ ’ਚ ਬੈਠੇ ਆਪਣੇ ਭਰਾ ਰਮਨਦੀਪ ਸਿੰਘ ਨੂੰ ਭੇਜ ਕੇ ਫਿਰੌਤੀ ਲਈ ਫੋਨ ਕਰਵਾਉਂਦਾ ਸੀ। ਪੁਲੀਸ ਅਨੁਸਾਰ ਜਦੋਂ ਤੇਜਿੰਦਰਪਾਲ ਸਿੰਘ ਵਿਦੇਸ਼ ਗਿਆ ਸੀ ਤਾਂ ਉਥੇ ਉਸ ਨੇ ਇਕ ਵਿਅਕਤੀ ਪੁਨੀਤ ਨੂੰ ਵੀ ਪੂਰੇ ਕੰਮ ਬਾਰੇ ਦੱਸਿਆ ਸੀ।