ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਸਤੰਬਰ
ਸ਼ਹਿਰ ’ਚ ਚੋਰਾਂ ਨੇ ‘ਆਪ’ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਮੁਹੱਲੇ ’ਚ ਧਾਵਾ ਬੋਲਿਆ। ਚੋਰ ਉਨ੍ਹਾਂ ਦੇ ਗੁਆਂਢ ’ਚ ਕਰੀਬ 6 ਘਰਾਂ ਨੂੰ ਨਿਸ਼ਾਨਾ ਬਣਾ ਗਏ। ਹਾਲਾਂਕਿ ਨੁਕਸਾਨ ਕੋਈ ਵੱਡਾ ਨਹੀਂ ਹੈ। ਘਟਨਾ ਦਾ ਪਤਾ ਚੱਲਦੇ ਹੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਘਟਨਾ ਮਾਡਲ ਗ੍ਰਾਮ ਇਲਾਕੇ ਦੀ ਹੈ। ਪੁਲੀਸ ਨੇ ਆਸਪਾਸ ਲੱਗੇ ਸੀਸੀਟੀਵੀ ਕੈਮਰੇ ਚੈਕ ਕਰਨੇ ਸ਼ੁਰੂ ਕਰ ਦਿੱਤੇ ਹਨ। ਪੁਲੀਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ।
ਮਾਡਲ ਗ੍ਰਾਮ ਇਲਾਕੇ ’ਚ ‘ਆਪ’ ਵਿਧਾਇਕ ਕੁਲਵੰਤ ਸਿੰਘ ਸਿੱਧੂ ਦਾ ਘਰ ਹੈ। ਜਿੱਥੇ ਹਰ ਸਮੇਂ ਸੁਰੱਖਿਆ ਤੈਨਾਤ ਰਹਿੰਦੀ ਹੈ ਤੇ ਹਰ ਆਉਣ ਜਾਣ ਵਾਲੇ ਸ਼ੱਕੀ ’ਤੇ ਨਜ਼ਰ ਰੱਖੀ ਜਾਂਦੀ ਹੈ, ਪਰ ਸ਼ੁੱਕਰਵਾਰ ਦੀ ਦੇਰ ਰਾਤ ਨੂੰ ਚੋਰਾਂ ਨੇ ਸੁਰੱਖਿਆ ਪ੍ਰਬੰਧਾਂ ਨੂੰ ਮਾਤ ਦਿੱਤੀ। ਆਦਰਸ਼ ਗ੍ਰਾਮ ਵਾਸੀ ਇੰਦਰਪਾਲ ਸਿੰਘ ਚਾਵਲਾ ਨੇ ਦੱਸਿਆ ਕਿ ਕੁਝ ਅਣਪਛਾਤੇ ਮੁਲਜ਼ਮ ਘਰ ਦੀ ਚਾਰਦੀਵਾਰੀ ਟੱਪ ਕੇ ਘਰ ’ਚ ਦਾਖਲ ਹੋ ਗਏ ਤੇ ਬੈਡਰੂਮ ’ਚ ਟੇਬਲ ’ਤੇ ਰੱਖੇ ਮੋਬਾਈਲ ਫੋਨ ਤੇ ਕੁਝ ਕੈਸ਼ ਚੋਰ ਕਰ ਲੈ ਗਏ। ਮੁਲਜ਼ਮ ਨੇ ਅੱਗੇ ਘਰ ਦੀ ਤਲਾਸ਼ੀ ਨਹੀਂ ਲਈ ਅਤੇ ਫ਼ਰਾਰ ਹੋ ਗਿਆ। ਅੱਗੇ ਇਸੇ ਮੁਹੱਲੇ ਦੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰੋਂ ਵੀ ਮੋਬਾਈਲ ਚੋਰੀ ਹੋਇਆ ਹੈ, ਉਨ੍ਹਾਂ ਕਿਹਾ ਕਿ ਚੋਰ ਉਨ੍ਹਾਂ ਦੇ ਗੁਆਂਢੀਆਂ ਰਾਜੇਸ਼ ਨਰੋਲਾ, ਕਵਲ ਕੁਮਾਰ ਦੁਰੇਜਾ ਤੇ ਰਾਜਿੰਦਰ ਸਿੰਘ ਦੇ ਘਰਾਂ ’ਚ ਵੀ ਦਾਖਲ ਹੋਏ ਤੇ ਛੋਟੀਆਂ ਮੋਟੀਆਂ ਚੀਜ਼ਾਂ ਚੋਰੀ ਕਰ ਲੈ ਗਏ।