ਪੱਤਰ ਪ੍ਰੇਰਕ
ਪਾਇਲ, 19 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਮੋਟਰਾਂ ਦੇ ਟਰਾਂਸਫਾਰਮਰਾਂ ਚੋਰੀ ਕਰਨ ਵਾਲੇ ਗਰੋਹਾਂ ਨੂੰ ਫੜਨ ਲਈ ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ ਦੀ ਅਗਵਾਈ ਹੇਠ ਮੁੱਖ ਮੁਨਸ਼ੀ ਜੋਗਰਾਜ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਸ੍ਰੀ ਘੁਡਾਣੀ ਨੇ ਦੱਸਿਆ ਕਿ ਇਲਾਕੇ ਦੇ 60 ਤੋਂ ਵੱਧ ਟਰਾਂਸਫਾਰਮਰ ਇਸ ਸਾਲ ਚੋਰੀ ਹੋ ਚੁੱਕੇ ਹਨ। ਕਿਸਾਨ ਕੰਮ ਕਰ ਕੇ ਘਰਾਂ ਨੂੰ ਵਾਪਸ ਆ ਜਾਂਦੇ ਹਨ ਅਤੇ ਚੋਰ ਗਰੋਹ ਸਰਗਰਮ ਹੋ ਜਾਂਦੇ ਹਨ। ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਪੁਲੀਸ ਵੱਲੋਂ ਰਾਤ ਵੇਲੇ ਗਸ਼ਤ ਵਧਾਈ ਜਾਵੇ। ਆਗੂਆਂ ਕਿਹਾ ਕਿ ਜਿੱਥੇ ਪਾਵਰਕੌਮ ਦਾ ਹਜ਼ਾਰਾਂ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਕਿਸਾਨਾਂ ਨੂੰ ਫ਼ਸਲਾਂ ਪਾਲਣ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪੈਂਦਾ ਹੈ ਅਤੇ ਖੱਜਲ ਖੁਆਰੀ ਵੀ ਝੱਲਣੀ ਪੈਂਦੀ ਹੈ। ਇਸ ਮੌਕੇ ਸਰਬਜੀਤ ਸਿੰਘ, ਦਲਜੀਤ ਸਿੰਘ ਬਿੱਟੂ, ਚਰਨਜੀਤ ਸਿੰਘ ਲੰਬੜਦਾਰ, ਜਗਜੀਤ ਸਿੰਘ ਫੌਜੀ, ਜਿਤੇਂਦਰ ਸਿੰਘ, ਰਣਜੀਤ ਸਿੰਘ ਅਤੇ ਗੁਰਚਰਨ ਸਿੰਘ ਵੀ ਸ਼ਾਮਲ ਸਨ।