ਪੱਤਰ ਪ੍ਰੇਰਕ
ਮਾਛੀਵਾੜਾ, 25 ਦਸੰਬਰ
ਸਥਾਨਕ ਪੁਲੀਸ ਵਲੋਂ ਲੰਘੀ 30 ਅਕਤੂਬਰ ਨੂੰ ਪਿੰਡ ਗੌਂਸਗੜ੍ਹ ਵਿੱਚ ਸਾਬਕਾ ਫੌਜੀ ਸੁਖਵਿੰਦਰ ਸਿੰਘ ਦੇ ਘਰ ਹੋਈ ਚੋਰੀ ਦੀ ਘਟਨਾ ਨੂੰ ਸੁਲਝਾਉਂਦਿਆਂ ਸੰਜੇ ਕੁਮਾਰ ਵਾਸੀ ਬਿਸ਼ਨਪੁਰ ਜ਼ਿਲਾ ਸਹਾਰਨਪੁਰ ਹਾਲ ਵਾਸੀ ਜਮਾਲਪੁਰਾ 33 ਫੁੱਟਾ ਰੋਡ, ਰਾਜੂ ਵਰਮਾ ਵਾਸੀ ਗਣੇਸ਼ਪੁਰ, ਥਾਣਾ ਪਿਰਪਰਵਾ (ਯੂਪੀ) ਅਤੇ ਕੰਚਨ ਉਰਫ਼ ਅਜੇ ਤਿਆਗੀ ਵਾਸੀ ਵਸੇਰਾ ਜ਼ਿਲਾ ਸਹਾਰਨਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਮੁਖੀ ਸਬ-ਇੰਸਪੈਕਟਰ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਵਲੋਂ ਰੋਪੜ ਰੋਡ ਗਊਸ਼ਾਲਾ ਨੇੜੇ ਨਾਕੇ ਦੌਰਾਨ ਮੋਟਰਸਾਈਕਲ ’ਤੇ ਸਵਾਰ ਤਿੰਨ ਵਿਅਕਤੀਆਂ ਨੂੰ ਜਾਂਚ ਲਈ ਰੋਕਿਆ ਜਿਨ੍ਹਾਂ ਮੰਨਿਆ ਕਿ ਉਨ੍ਹਾਂ ਨੇ ਗੌਂਸਗੜ੍ਹ ਵਿੱਚ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਪੁਲੀਸ ਵੱਲੋਂ ਉਨ੍ਹਾਂ ਕੋਲੋਂ ਚੋਰੀ ਕੀਤਾ 8 ਤੋਲੇ ਸੋਨਾ ਅਤੇ ਸੱਬਲ, ਪੇਚਕਸ਼ ਅਤੇ ਚਾਬੀਆਂ ਵੀ ਬਰਾਮਦ ਕੀਤੀਆਂ ਗਈਆਂ। ਥਾਣਾ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਉਕਤ ਤਿੰਨੋਂ ਮੁਲਜ਼ਮਾਂ ’ਤੇ ਪਹਿਲਾਂ ਵੀ ਕਈ ਕੇਸ ਦਰਜ ਹਨ।