ਦੇਵਿੰਦਰ ਸਿੰਘ ਜੱਗੀ
ਪਾਇਲ, 23 ਅਪਰੈਲ
ਸਥਾਨਕ ਦਾਣਾ ਮੰਡੀ ਵਿੱਚ ਚੁਕਾਈ ਨਾ ਹੋਣ ਕਾਰਨ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ। ਇਸ ਕਰ ਕੇ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਾਣਾ ਮੰਡੀ ਵਿੱਚ ਵੱਖ-ਵੱਖ ਖ਼ਰੀਦ ਏਜੰਸੀਆਂ ਵੱਲੋਂ 3 ਲੱਖ 26 ਹਜ਼ਾਰ 480 ਬੋਰੀਆਂ ਦੀ ਖ਼ਰੀਦ ਹੋ ਚੁੱਕੀ ਹੈ, ਜਿਸ ਵਿੱਚੋਂ 2 ਲੱਖ 20 ਹਜ਼ਾਰ ਦੇ ਕਰੀਬ ਬੋਰੀ ਦਾਣਾ ਮੰਡੀ ਵਿਚ ਪਈ ਹੈ। ਕਿਸਾਨਾਂ ਤੇ ਆੜ੍ਹਤੀਆਂ ਨੂੰ ਫੜਾਂ ’ਤੇ ਕਣਕ ਉਤਾਰਨ ਦੀ ਮੁਸ਼ਕਲ ਆ ਰਹੀ ਹੈ। ਕਿਸਾਨਾਂ ਮੰਡੀ ਦੀਆਂ ਸੜਕਾਂ ’ਤੇ ਹੀ ਕਣਕ ਢੇਰੀ ਕਰ ਰਹੇ ਹਨ।
ਆੜ੍ਹਤੀਆਂ ਦਾ ਕਹਿਣਾ ਹੈ ਕਿ ਗੱਡੀਆਂ ਦੀ ਘਾਟ ਹੋਣ ਕਰ ਕੇ ਚੁਕਾਈ ਦੀ ਸਮੱਸਿਆ ਹੈ। ਪਤਾ ਲੱਗਾ ਹੈ ਕਿ ਪਿਛਲੇ ਵਰ੍ਹੇ ਫ਼ਸਲ ਦੀ ਢੋਆ-ਢੁਆਈ ਦੇ ਟੈਂਡਰ ਨਾਲੋਂ ਇਸ ਵਾਰ ਕਈ ਗੁਣਾ ਮਹਿੰਗਾ ਟੈਂਡਰ ਲੱਗਿਆ ਹੈ। ਇਸ ਬਾਰੇ ਇੰਸਪੈਕਟਰ ਅੰਕਿਤ ਸਿੰਗਲਾ ਨਾਲ ਕਈ ਵਾਰ ਫੋਨ ’ਤੇ ਸੰਪਰਕ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਐੱਸਡੀਐੱਮ ਪਾਇਲ ਮਨਕੰਵਲ ਸਿੰਘ ਚਾਹਲ ਨੇ ਕਿਹਾ ਕਿ ਠੇਕੇਦਾਰ ਅਤੇ ਲੇਬਰ ਦੀ ਆਪਸੀ ਸਮੱਸਿਆ ਸੀ, ਜੋ ਹੱਲ ਹੋ ਚੁੱਕੀ ਹੈ।
ਜ਼ਿਕਰਯੋਗ ਹੈ ਕਿ ਪਾਇਲ ਮਾਰਕੀਟ ਕਮੇਟੀ ਦੇ ਦਫ਼ਤਰ ਦੀ ਕੰਧ ਨਾਲ ਹਜ਼ਾਰਾਂ ਕੁਇੰਟਲ ਕਣਕ ਦਾ ਢੇਰ ਖੁੱਲ੍ਹੇ ਅਸਮਾਨ ਹੇਠਾਂ ਪਿਆ ਹੈ, ਇਸ ਬਾਰੇ ਪੁੱਛਣ ‘ਤੇ ਮਾਰਕੀਟ ਕਮੇਟੀ ਦੇ ਮੁਲਾਜ਼ਮ ਚੁੱਪ ਵੱਟ ਗਏ।