ਸਤਵਿੰਦਰ ਬਸਰਾ
ਲੁਧਿਆਣਾ, 12 ਜਨਵਰੀ
ਲੋਹੜੀ ਦਾ ਤਿਉਹਾਰ ਮਨਾਉਣ ਲਈ ਅੱਜ ਲੁਧਿਆਣਾ ਦੇ ਬਾਜ਼ਾਰਾਂ ਵਿੱਚ ਪੂਰੀਆਂ ਰੌਣਕਾਂ ਰਹੀਆਂ। ਪਤੰਗ ਉਡਾਉਣ ਦੇ ਸ਼ੌਕੀਨ ਪਤੰਗਬਾਜ਼ਾਂ ਨੇ ਅੱਜ ਦੇਰ ਸ਼ਾਮ ਤੱਕ ਪਤੰਗਾਂ ਅਤੇ ਡੋਰ ਦੀ ਖਰੀਦਦਾਰੀ ਕੀਤੀ। ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਪਲਾਸਟਿਕ ਅਤੇ ਆਦਮ ਕੱਦ ਪਤੰਗਾਂ ਦੀ ਭਾਰੀ ਮੰਗ ਦੇਖਣ ਨੂੰ ਮਿਲੀ ਹੈ। ਦੇਸੀ ਡੋਰ ਸੂਤਣ ਵਾਲਿਆਂ ਦਾ ਕੰਮ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਮੰਦਾ ਹੀ ਰਿਹਾ। ਮਹਿੰਗਾਈ ਨੇ ਵੀ ਪਤੰਗਾਂ ਅਤੇ ਹੋਰ ਸਾਮਾਨ ਦੀ ਖਰੀਦਦਾਰੀ ਨੂੰ ਕਾਫੀ ਪ੍ਰਭਾਵਿਤ ਕੀਤਾ। ਲੋਹੜੀ ਦੀ ਖ੍ਰੀਦਦਾਰੀ ਲਈ ਅੱਜ ਮੂੰਗਫਲੀ, ਰਿਓੜੀਆਂ ਅਤੇ ਹੋਰ ਅਜਿਹੀਆਂ ਚੀਜ਼ਾਂ ਵੇਚਣ ਵਾਲਿਆਂ ਦੀਆਂ ਦੁਕਾਨਾਂ ਅਤੇ ਫੜ੍ਹੀਆਂ ’ਤੇ ਗਾਹਕਾਂ ਦੀ ਕਾਫੀ ਭੀੜ ਰਹੀ। ਮਹਿੰਗਾਈ ਜ਼ਿਆਦਾ ਹੋਣ ਕਰਕੇ ਜਿਹੜੀ ਮੂੰਗਫਲੀ ਪਿਛਲੇ ਸਾਲ 100 ਕੁ ਰੁਪਏ ਕਿਲੋ ਸੀ, ਇਸ ਵਾਰ 130 ਤੋਂ 150 ਰੁਪਏ ਕਿੱਲੋ ਤੱਕ ਵਿਕੀ। ਇਸੇ ਤਰ੍ਹਾਂ ਹੋਰ ਸਾਮਾਨ ਦੇ ਭਾਅ ਵੀ ਅਸਾਮਾਨੀ ਛੂਹ ਰਹੇ ਸਨ। ਇਨ੍ਹਾਂ ਦੁਕਾਨਾਂ ਦੇ ਮੁਕਾਬਲੇ ਦਰੇਸੀ ਗਰਾਊਂਡ, ਟਰੰਕਾਂ ਵਾਲਾ ਬਾਜ਼ਾਰ, ਸਮਰਾਲਾ ਚੌਕ, ਸ਼ਿੰਗਾਰ ਸਿਨੇਮਾ ਰੋਡ, ਫੀਲਡ ਗੰਜ, ਖੁੱਡ ਮੁਹੱਲਾ, ਘੁਮਾਰ ਮੰਡੀ, ਜਵਾਹਰ ਨਗਰ ਕੈਂਪ ਆਦਿ ਥਾਵਾਂ ’ਤੇ ਪਤੰਗਾਂ ਦੀਆਂ ਦੁਕਾਨਾਂ ’ਤੇ ਕਾਫੀ ਭੀੜ ਰਹੀ। ਸੂਬੇ ਵਿੱਚ ਲੋਹੜੀ ਮੌਕੇ ਸਭ ਤੋਂ ਵੱਧ ਪਤੰਗ ਲੁਧਿਆਣਾ ਵਿੱਚ ਉਡਦੇ ਹੋਣ ਕਰਕੇ ਇਨ੍ਹਾਂ ਦੀ ਵੱਡੀ ਮਾਰਕੀਟ ਵੀ ਲੁਧਿਆਣਾ ਵਿੱਚ ਹੀ ਹੈ। ਆਦਮ ਕੱਦ ਪਤੰਗ ਬਣਾਉਣ ਵਾਲੇ ਸਾਹਿਲ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਇਸ ਵਾਰ ਕਾਗਜ਼, ਬਾਂਸ ਆਦਿ ਮਹਿੰਗੇ ਹੋ ਜਾਣ ਕਰਕੇ ਇੱਕ ਪਤੰਗ ਦੀ ਕੀਮਤ 150 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਪਹੁੰਚ ਗਈ ਹੈ। ਪਤੰਗਾਂ ਦਾ ਸਾਈਜ਼ ਵੀ ਚਾਰ ਫੁੱਟ ਤੋਂ ਲੈ ਕੇ ਸੱਤ ਫੁੱਟ ਤੱਕ ਤਿਆਰ ਕੀਤਾ ਗਿਆ ਹੈ। ਦਰੇਸੀ ਗਰਾਊਂਡ ਪਤੰਗ ਖਰੀਦਣ ਆਏ ਪਤੰਗਬਾਜ਼ ਜਤਿੰਦਰ ਕੁਮਾਰ ਦਾ ਕਹਿਣਾ ਸੀ ਕਿ ਪਲਾਸਟਿਕ ਦੇ ਪਤੰਗ ਜਲਦੀ ਫਟਦੇ ਨਹੀਂ ਜਿਸ ਕਰਕੇ ਉਸ ਦੀ ਪਹਿਲੀ ਪਸੰਦ ਇਹੋ ਹੀ ਪਤੰਗ ਹਨ। ਦੂਜੇ ਪਾਸੇ ਪਲਾਸਟਿਕ ਦੀ ਵਿਕਰੀ ’ਤੇ ਪਾਬੰਦੀ ਹੋਣ ਦੇ ਬਾਵਜੂਦ ਬਾਜ਼ਾਰਾਂ ਵਿੱਚ ਪਲਾਸਟਿਕ ਦੇ ਪਤੰਗ ਸ਼ਰ੍ਹੇਆਮ ਅਤੇ ਡੋਰ ਚੋਰੀ ਛਿਪੇ ਵਿਕਦੀ ਆ ਰਹੀ ਹੈ।
ਦੇਸੀ ਡੋਰ ਮਹਿੰਗੀ ਹੋਣ ਕਾਰਨ ਚੀਨੀ ਡੋਰ ਦੀ ਖਰੀਦ ਵਧੀ
ਦੇਸੀ ਡੋਰ ਸੂਤਣ ਵਾਲੇ ਅਸ਼ੋਕ ਕੁਮਾਰ ਅਤੇ ਰਾਮੂ ਨਾਂ ਦੇ ਨੌਜਵਾਨ ਦਾ ਕਹਿਣਾ ਸੀ ਕਿ ਕੱਚੀ ਡੋਰ ਬਹੁਤ ਮਹਿੰਗੀ ਹੋ ਗਈ ਹੈ ਜਿਸ ਕਰਕੇ ਪਤੰਗਬਾਜ਼ ਡੋਰ ਨੂੰ ਮਾਂਝਾ ਲਗਵਾਉਣ ਦੀ ਥਾਂ ਬਾਜ਼ਾਰਾਂ ਵਿੱਚ ਵਿਕਦੀ ਡੋਰ ਹੀ ਖਰੀਦਣ ਨੂੰ ਪਹਿਲ ਦੇ ਰਹੇ ਹਨ।
ਸਖ਼ਤੀ ਦੇ ਬਾਵਜੂਦ ਪਲਾਸਟਿਕ ਡੋਰ ਦੀ ਵਿਕਰੀ ਜ਼ੋਰਾਂ ’ਤੇ
ਪਲਾਸਟਿਕ ਦੀ ਡੋਰ ਵੇਚਣ ਵਾਲਿਆਂ ਵਿਰੁੱਧ ਭਾਵੇਂ ਪੁਲੀਸ ਪ੍ਰਸ਼ਾਸਨ ਨੇ ਮੁਹਿੰਮ ਤੇਜ਼ ਕੀਤੀ ਹੋਈ ਹੈ ਪਰ ਅਜੇ ਵੀ 100 ਵਿੱਚੋਂ 90 ਪਤੰਗਬਾਜ਼ਾਂ ਦੇ ਹੱਥਾਂ ਵਿੱਚ ਪਲਾਸਟਿਕ ਦੀ ਡੋਰ ਦੇਖੀ ਜਾ ਸਕਦੀ ਹੈ। ਇਕੱਲੇ ਲੁਧਿਆਣਾ ਵਿੱਚ ਹੀ ਹਰ ਸਾਲ ਕਰੋੜਾਂ ਰੁਪਏ ਦੀ ਡੋਰ ਦੀ ਵਿਕਰੀ ਹੁੰਦੀ ਹੈ।
ਪਾਬੰਦੀਸ਼ੁਦਾ ਚੀਨੀ ਡੋਰ ਸਮੇਤ ਤਿੰਨ ਗ੍ਰਿਫ਼ਤਾਰ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਭਾਰੀ ਮਾਤਰਾ ਵਿੱਚ ਪਾਬੰਦੀਸ਼ੁਦਾ ਚੀਨੀ ਡੋਰ ਬਰਾਮਦ ਕੀਤੀ ਹੈ। ਥਾਣਾ ਸਾਹਨੇਵਾਲ ਦੇ ਅਧਿਕਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਜਦੋਂ ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਮਹਾਂਦੇਵ ਨਗਰ ਗਿਆਨ ਵਿਦਿਆਲਿਆ ਨੇੜੇ ਮੌਜੂਦ ਸੀ ਤਾਂ ਪਤਾ ਲੱਗਿਆ ਕਿ ਢਿੱਲੋਂ ਚੌਕ ਸਥਿਤ ਕੁੰਡੀ ਨਗਰ ਕੋਲ ਇਕ ਵਿਅਕਤੀ ਪਾਬੰਦੀਸ਼ੁਦਾ ਚੀਨੀ ਡੋਰ ਵੇਚ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਤੁਰੰਤ ਕਾਰਵਾਈ ਕਰਕੇ ਸੱਤਪਾਲ ਵਾਸੀ ਸੁਰਜੀਤ ਨਗਰ ਨੂੰ ਕਾਬੂ ਕਰ ਲਿਆ ਅਤੇ ਉਸ ਕੋਲੋਂ 10 ਚਰਖੜੀਆਂ ਚੀਨੀ ਡੋਰ ਬਰਾਮਦ ਹੋਈ ਹੈ। ਇਸੇ ਤਰ੍ਹਾਂ ਪੁਲੀਸ ਨੇ ਸੁਰਿੰਦਰ ਨਾਥ ਵਾਸੀ ਸਮਰਾਟ ਕਲੋਨੀ ਗਿਆਸੁਪਰਾ ਨੂੰ ਆਪਣੇ ਘਰ ਵਿੱਚ ਬਣੀ ਸਟੇਸ਼ਨਰੀ ਦੀ ਦੁਕਾਨ ਵਿੱਚ ਚੀਨੀ ਡੋਰ ਵੇਚਦਿਆਂ ਕਾਬੂ ਕੀਤਾ ਹੈ, ਉਸ ਕੋਲੋਂ 24 ਗੱਟੇ ਚੀਨੀ ਡੋਰ ਬਰਾਮਦ ਹੋਈ ਹੈ। ਇਸੇ ਤਰ੍ਹਾਂ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਅਮਰਜੀਤ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਨੇ ਕਾਰਵਾਈ ਕਰਦਿਆਂ ਰਵੀ ਸਿੰਘ ਮਹੱਲਾ ਨਾਨਕਪੁਰਾ ਸ਼ਿਮਲਾਪੁਰੀ ਨੂੰ ਆਪਣੇ ਘਰ ਦੇ ਬਾਹਰ ਪਾਬੰਦੀਸ਼ੁਦਾ ਡੋਰ ਵੇਚਦਿਆਂ ਕਾਬੂ ਕੀਤਾ ਹੈ। ਉਸ ਕੋਲੋਂ 25 ਚਰਖੜੀਆਂ ਪਾਬੰਦੀਸ਼ੁਦਾ ਚੀਨੀ ਡੋਰ ਬਰਾਮਦ ਹੋਈ ਹੈ। ਪੁਲੀਸ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਕਰ ਰਹੀ ਹੈ।