ਪਿੰਡ ਨੱਥੂਮਾਜਰਾ ਅਤੇ ਉਮਰਪੁਰਾ ਦੇ ਲੋਕ ਗੰਦੇ ਛੱਪੜ ਤੋਂ ਪ੍ਰੇਸ਼ਾਨਕੁਲਵਿੰਦਰ ਸਿੰਘ ਗਿੱਲ
ਕੁੱਪ ਕਲਾਂ, 30 ਸਤੰਬਰ
ਪਿੰਡ ਨੱਥੂਮਾਜਰਾ ਅਤੇ ਉਮਰਪੁਰਾ ਵਿੱਚ ਰਹਿ ਰਹੇ ਪਰਿਵਾਰ ਘਰਾਂ ਵਿਚਕਾਰ ਮੀਂਹ ਪੈਣ ਦੌਰਾਨ ਗੰਦੇ ਛੱਪੜ ਦਾ ਪਾਣੀ ਇੱਕਠਾ ਹੋਣ ਕਾਰਨ ਪ੍ਰੇਸ਼ਾਨ ਹਨ, ਜਿਨ੍ਹਾਂ ਨੇ ਛੱਪੜ ਦੀ ਜਗ੍ਹਾ ਪਾਰਕ ਬਣਾਉਣ ਦੀ ਮੰਗ ਕੀਤੀ ਹੈ। ਇਕੱਤਰ ਹੋਏ ਡਾ. ਭੀਮ ਰਾਓ ਅੰਬੇਦਕਰ ਵੈਲਫੇਅਰ ਕਲੱਬ ਉਮਰਪੁਰਾ ਦੇ ਪ੍ਰਧਾਨ ਰਵਿੰਦਰ ਸਿੰਘ ਰੇਸ਼ਮ, ਹਰਸੇਵਕ ਸਿੰਘ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਹੈ ਕਿ ਇਹ ਸਮੱਸਿਆ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ, ਜਿਸ ਦਾ ਖਮਿਆਜ਼ਾ ਇਸ ਜਗ੍ਹਾ ਦੇ ਆਲੇ-ਦੁਆਲੇ ਰਹਿ ਰਹੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਪਰ ਅੱਜ ਤੱਕ ਇਸਦਾ ਕੋਈ ਵੀ ਸਥਾਈ ਹੱਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਛੱਪੜ ਦੀ ਜਗ੍ਹਾ ਵਿੱਚ ਮੀਂਹ ਦਾ ਪਾਣੀ ਖੜ੍ਹਨ ਕਾਰਨ ਜਿੱਥੇ ਗੰਦੀ ਬੁਦਬੂੂ ਪੈਦਾ ਹੁੰਦੀ ਹੈ, ਉੱਥੇ ਆਲੇ-ਦੁਆਲੇ ਦੇ ਲੋਕਾਂ ਲਈ ਪੀਣ ਵਾਲਾ ਪਾਣੀ ਵੀ ਦੂਸ਼ਿਤ ਹੋ ਚੁੱਕਿਆ ਹੈ, ਜਿਸ ਤੋਂ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ। ਦੁਖੀ ਪਿੰਡ ਵਾਸੀਆਂ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਮਕਾਨਾਂ ਦਾ ਕੋਈ ਖਰੀਦਦਾਰ ਵੀ ਨਹੀਂ, ਜਿਸ ਕਾਰਨ ਆਪਣੇ ਮਕਾਨਾਂ ਨੂੰ ਵੇਚ ਨਹੀਂ ਸਕਦੇ ਅਤੇ ਕਿਸੇ ਹੋਰ ਜਗ੍ਹਾ ਜਾਣ ਦੇ ਆਰਥਿਕ ਪੱਖੋਂ ਸਮਰੱਥ ਨਹੀਂ ਹਨ। ਇਸ ਲਈ ਛੱਪੜ ਵਾਲੀ ਜਗ੍ਹਾ ਦਾ ਜਲਦੀ ਹੱਲ ਕੱਢ ਕੇ ਇੱਕ ਪਾਰਕ ਬਣਾਈ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਸਾਫ਼-ਸੁਥਰਾ ਵਾਤਾਵਰਨ ਮਿਲ ਸਕੇ। ਪਿੰਡ ਨੱਥੂਮਾਜਰਾ ਅਤੇ ਉਮਰਪੁਰਾ ਦੀਆਂ ਦੋਨਾਂ ਪੰਚਾਇਤਾਂ ਵੱਲੋਂ ਇਸ ਵਿੱਚ ਪੈ ਰਹੇ ਪਾਣੀ ਨੂੰ ਤਾਂ ਕੱਢ ਦਿੱਤਾ ਗਿਆ ਪਰ ਸਥਾਨਕ ਵਾਸੀਆਂ ਦੀ ਇਸ ਛੱਪੜ ਨੂੰ ਬੰਦ ਕਰਕੇ ਪਾਰਕ ਬਣਾਉਣ ਦੀ ਮੁੱਖ ਮੰਗ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਇਸ ਮੌਕੇ ਸਾਬਕਾ ਸਰਪੰਚ ਅਮੋਲਕ ਸਿੰਘ, ਹਰਸੇਵਕ ਸਿੰਘ, ਮੈਂਬਰ ਪੰਚਾਇਤ ਸੁਖਵਿੰਦਰ ਸਿੰਘ ਬਿੱਟੂ, ਪ੍ਰਕਾਸ਼ ਸਿੰਘ, ਸੁਖਦੇਵ ਸਿੰਘ, ਬਲਜਿੰਦਰ ਸਿੰਘ, ਅਜਮੇਰ ਸਿੰਘ, ਬਲਜੀਤ ਸਿੰਘ, ਗਗਨਦੀਪ ਸਿੰਘ, ਅਜਮੇਰ ਸਿੰਘ, ਬਲਵਿੰਦਰ ਸਿੰਘ ਬਿੱਲਾ ਤੋਂ ਇਲਾਵਾ ਸਥਾਨਕ ਵਾਸੀ ਹਾਜ਼ਰ ਰਹੇ।
ਪਾਰਕ ਬਣਾਉਣ ਦੀ ਮੰਗ ਕਰਦੇ ਹੋਏ ਸਥਾਨਕ ਵਾਸੀ।