ਗਗਨਦੀਪ ਅਰੋੜਾ
ਲੁਧਿਆਣਾ, 12 ਸਤੰਬਰ
ਹੀਰੋ ਬੇਕਰੀ ਤੋਂ ਇਸ਼ਮੀਤ ਚੌਕ ਨੂੰ ਜਾਣ ਵਾਲੀ ਸੜਕ ਇੱਕ ਵਾਰ ਫਿਰ ਧਸ ਗਈ ਹੈ। ਇਸ ਵਾਰ ਇਸ ਸੜਕ ’ਤੇ 15 ਫੁੱਟ ਦੇ ਕਰੀਬ ਟੋਇਆ ਪੈ ਗਿਆ ਹੈ। ਰੱਬ ਦਾ ਸ਼ੁਕਰ ਇਹ ਰਿਹਾ ਹੈ ਕਿ ਸ਼ਹਿਰ ਦੀ ਸਭ ਤੋਂ ਭੀੜ ਵਾਲੀ ਇਸ ਸੜਕ ’ਤੇ ਕੋਈ ਹਾਦਸਾ ਨਹੀਂ ਹੋਇਆ। ਸਮੇਂ ਸਿਰ ਵਿਧਾਇਕ ਗੁਰਪ੍ਰੀਤ ਗੋਗੀ ਨਗਰ ਨਿਗਮ ਦੀ ਟੀਮ ਦੇ ਨਾਲ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਨਿਗਮ ਦੀ ਟੀਮ ਨੂੰ ਜਲਦ ਹੀ ਇਸ ਨੂੰ ਰਿਪੇਅਰ ਕਰਨ ਦੇ ਹੁਕਮ ਜਾਰੀ ਕੀਤੇ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੋਸ਼ ਲਾਇਆ ਹੈ ਕਿ ਇਸ ਸੜਕ ’ਤੇ ਸਾਹਮਣੇ ਢਾਬੇ ਵਾਲੇ ਨੇ ਸੀਵਰੇਜ ਲਾਈਨ ਤੇ ਟੇਲੀਫੋਨ ਕੰਪਨੀਆਂ ਵਾਲੇ ਨੇ ਟੋਇਆ ਪੁੱਟ ਕੇ ਤਾਰਾਂ ਪਾਈਆਂ ਸਨ। ਉਸ ਤੋਂ ਬਾਅਦ ਇਸ ਥਾਂ ’ਤੇ ਲਗਾਤਾਰ ਸੜਕ ਦਾ ਬੁਰਾ ਹਾਲ ਹੋ ਰਿਹਾ ਹੈ। ਪਿਛਲੇ ਸਾਲ ਵੀ ਇਸੇ ਥਾਂ ਤੋਂ ਸੜਕ ਧਸ ਗਈ ਸੀ, ਹੁਣ ਵੀ ਉਸੇ ਸੜਕ ਦਾ ਹਿੱਸਾ ਧੱਸ ਗਿਆ ਹੈ। ਨਗਰ ਨਿਗਮ ਦੇ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ ਸਵੇਰੇ ਸੂਚਨਾ ਮਿਲੀ ਸੀ ਕਿ ਇਸ਼ਮੀਤ ਚੌਕ ਨੂੰ ਜਾਣ ਵਾਲੀ ਸੜਕ ਧਸ ਗਈ ਹੈ, ਉਹ ਆਪਣੀ ਟੀਮ ਦੇ ਨਾਲ ਮੌਕੇ ’ਤੇ ਪੁੱਜੇ। ਇਸ ਦੌਰਾਨ ਵਿਧਾਇਕ ਗੁਰਪ੍ਰੀਤ ਗੋਗੀ ਵੀ ਮੌਕੇ ’ਤੇ ਪੁੱਜ ਗਏ। ਉਨ੍ਹਾਂ ਨੇ ਦੱਸਿਆ ਕਿ ਸੜਕ ਧਸਣ ਨਾਲ ਉਥੋਂ ਕਾਫ਼ੀ ਵੱਡਾ ਟੋਇਆ ਪੈ ਗਿਆ। ਗਨੀਮਤ ਇਹ ਰਹੀ ਕਿ ਇਸ ਵੇਲੇ ਸਕੂਲ ਜਾਣ ਵਾਲਿਆਂ ਦੀ ਇਸ ਰੋਡ ’ਤੇ ਕਾਫ਼ੀ ਭੀੜ ਰਹਿੰਦੀ ਹੈ, ਪਰ ਕੋਈ ਹਾਦਸਾ ਹੋਣ ਤੋਂ ਟਲ ਗਿਆ। ਉਨ੍ਹਾਂ ਦੱਸਿਆ ਕਿ ਇਹ ਸੜਕ ਥੱਲੇ ਪਏ ਸੀਵਰੇਜ ਦੀ ਮਿੱਟੀ ਧੱਸਣ ਨਾਲ ਬੈਠੀ ਹੈ। ਇੱਥੇ ਪਹਿਲਾਂ ਵੀ ਸੜਕ ਬੈਠੀ ਸੀ। ਹੁਣ ਨਗਰ ਨਿਗਮ ਵਾਲੇ ਜਾਂਚ ਕਰ ਰਹੇ ਹਨ ਕਿ ਇਸ ਦਾ ਅਸਲੀ ਕਾਰਨ ਕੀ ਹੈ। ਉਨ੍ਹਾਂ ਨੇ ਦੱਸਿਆ ਕਿ ਸੜਕ ’ਤੇ ਹਮੇਸ਼ਾ ਹੀ ਕਾਫ਼ੀ ਭੀੜ ਰਹਿੰਦੀ ਹੈ, ਇਸ ਕਰ ਕੇ ਉਨ੍ਹਾਂ ਨੇ ਇਸਨੂੰ ਰਿਪੇਅਰ ਕਰਵਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਮੁੱਢਲੀ ਤਫ਼ਤੀਸ਼ ਵਿੱਚ ਪਤਾ ਲੱਗਿਆ ਹੈ ਕਿ ਇੱਕ ਢਾਬੇ ਵਾਲੇ ਨੇ ਸੀਵਰੇਜ ਲਾਈਨ ਪਾਈ ਸੀ ਤੇ ਨਾਲ ਹੀ ਟੈਲੀਫੋਨ ਕੰਪਨੀ ਨੇ ਵੀ ਤਾਰਾਂ ਪਾਈਆਂ ਸਨ, ਹੋ ਸਕਦਾ ਹੈ ਕਿ ਉਸ ਦੇ ਨਾਲ ਹੀ ਨਾ ਕੋਈ ਨੁਕਸਾਨ ਹੋਇਆ ਹੋਵੇ। ਫਿਲਹਾਲ ਉਹ ਮਾਮਲੇ ਦੀ ਤਫ਼ਤੀਸ਼ ਕਰਵਾ ਰਹੇ ਹਨ।