ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਅਕਤੂਬਰ
ਇਥੋਂ ਦੇ ਵੱਖ ਵੱਖ ਇਲਾਕਿਆਂ ਵਿੱਚ ਚੋਰ ਬੰਦ ਘਰ ਅਤੇ ਇਕ ਉਸਾਰੀ ਅਧੀਨ ਇਮਾਰਤ ਵਿੱਚੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਲੈ ਗਏ। ਥਾਣਾ ਸਦਰ ਦੀ ਪੁਲੀਸ ਨੂੰ ਫਰੈਂਡਜ਼ ਕਲੋਨੀ ਦਾਦ ਵਾਸੀ ਰਿਤੂ ਪਾਲ ਨੇ ਦੱਸਿਆ ਹੈ ਕਿ ਉਹ ਆਪਣੇ ਘਰ ਤਾਲੇ ਲਗਾ ਕੇ ਦਿੱਲੀ ਗਈ ਸੀ। ਅਗਲੇ ਦਿਨ ਜਦੋਂ ਉਹ ਵਾਪਸ ਆਈ ਤਾਂ ਘਰ ਦੀ ਖਿੜਕੀ ਟੁੱਟੀ ਹੋਈ ਸੀ। ਉਸ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਚੋਰ ਅਲਮਾਰੀ ਦੇ ਤਾਲੇ ਤੋੜ ਕੇ ਉਸ ਵਿਚ ਪਿਆ ਲਾਕਰ ਸਮੇਤ ਸਮਾਨ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਲਾਕਰ ਵਿੱਚ ਸੋਨੇ ਦੇ ਗਹਿਣੇ ਅਤੇ 2 ਲੱਖ ਰੁਪਏ ਦੀ ਨਕਦੀ ਰੱਖੀ ਹੋਈ ਸੀ। ਜਾਂਚ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸਾਊਥ ਸਿਟੀ ਵਾਸੀ ਆਗਿਆਪਾਲ ਸਿੰਘ ਨੇ ਦੱਸਿਆ ਹੈ ਕਿ ਉਹ ਪੰਜਾਬ ਰਿਜ਼ੌਰਟ ਸਾਊਥ ਸਿਟੀ ਦਾ ਡਾਇਰੈਕਟਰ ਹੈ ਜਿਥੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਦੌਰਾਨ ਕੰਮ ਕਰ ਰਹੇ ਮਜ਼ਦੂਰਾਂ ਨੇ ਵਿੱਕੀ ਵਾਸੀ ਪੰਜ ਪੀਰ ਰੋਡ, ਅਕਸ਼ੈ ਵਾਸੀ ਲਾਲ ਕੋਠੀ ਹੈਬੋਵਾਲ ਨੂੰ ਸਕਰੈਪ ਚੋਰੀ ਕਰਦਿਆਂ ਲੋਕਾਂ ਦੀ ਮਦਦ ਨਾਲ ਫੜ ਲਿਆ ਜਦਕਿ ਸੰਨੀ ਵਾਸੀ ਪੰਜ ਪੀਰ ਮੁਹੱਲਾ ਮੌਕੇ ਤੋਂ ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਗਿਆਨ ਸਿੰਘ ਨੇ ਦੱਸਿਆ ਹੈ ਕਿ ਪੁੱਛਗਿੱਛ ਦੌਰਾਨ ਦੋਹਾਂ ਜਣਿਆਂ ਤੋਂ ਚੋਰੀ ਕੀਤਾ ਹੋਇਆ ਸਕਰੈਪ ਲੋਹਾ, ਪਲਾਸਟਿਕ ਦੀਆਂ ਪਾਈਪਾਂ ਦੇ ਟੁਕੜੇ ਅਤੇ ਦੋ ਬੋਰੇ ਪਲਾਸਟਿਕ ਸਮਾਨ ਬਰਾਮਦ ਕੀਤਾਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਇਹ ਸਾਮਾਨ ਧਰਮਿੰਦਰ ਕਬਾੜੀਏ ਨੂੰ ਵੇਚਦੇ ਸਨ ਜਿਸ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਸੰਨੀ ਦੀ ਭਾਲ ਵਿੱਚ ਕਈ ਥਾਈਂ ਛਾਪੇਮਾਰੀ ਕੀਤੀ ਗਈ ਹੈ।