ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 14 ਜੂਨ
ਤਾਜਪੁਰ ਦੀ ਗੀਤਾ ਕਲੋਨੀ ਇਲਾਕੇ ’ਚ ਚੋਰਾਂ ਨੇ ਚਾਵਲਾ ਹੈਂਡਲੂਮ ਫੈਕਟਰੀ ਦੇ ਤਾਲੇ ਤੋੜ ਕੇ ਪੰਜ ਲੱਖ ਰੁਪਏ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰ ਬੋਲੈਰੋ ਗੱਡੀ ’ਚ 2 ਵਾਰ ਸਵਾਰ ਹੋ ਕੇ ਆਏ। ਉਹ ਦੋ ਵਾਰ ਸਾਮਾਨ ਲੋਡ ਕਰਕੇ ਫ਼ਰਾਰ ਹੋ ਗਏ ਅਤੇ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ। ਘਟਨਾ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਸਾਹਮਣੇ ਚਾਹ ਦੀ ਦੁਕਾਨ ਵਾਲਾ ਆਇਆ। ਉਸ ਨੇ ਤਾਲੇ ਟੁੱਟੇ ਦੇਖ ਕੇ ਫੈਕਟਰੀ ਮਾਲਕ ਨੂੰ ਦੱਸਿਆ।ਥਾਣਾ ਟਿੱਬਾ ਦੀ ਪੁਲੀਸ ਨੇ ਫੈਕਟਰੀ ਦੇ ਮਲਾਕ ਚੰਡੀਗੜ੍ਹ ਰੋਡ ਸਥਿਤ ਸੈਕਟਰ-32 ਵਾਸੀ ਇੰਦਰਜੀਤ ਸਿੰਘ ਚਾਵਲਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਨੇੜਲੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਚੋਰ ਫੈਕਟਰੀ ’ਚੋਂ ਪੰਜ ਲੱਖ ਦੀ ਨਗਦੀ, ਫਰਿੱਜ਼, ਟੀਵੀ, ਮਾਈਕ੍ਰੋਵੇਵ, ਕੰਪਿਊਟਰ, ਸ਼ਾਲ, ਸਟਾਲ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਫ਼ਰਾਰ ਹੋ ਗਏ। ਫੈਕਟਰੀ ਮਾਲਕ ਸ੍ਰੀ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਦੀ ਮਿਲ ’ਚ ਦਿਨ ਰਾਤ ਕੰਮ ਚੱਲਦਾ ਹੈ, ਪਰ ਐਤਵਾਰ ਰਾਤ ਨੂੰ ਸਟਾਫ਼ ਦੀ ਕਮੀ ਕਾਰਨ ਛੁੱਟੀ ਕੀਤੀ ਗਈ ਸੀ। ਫੈਕਟਰੀ ’ਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈਕ ਕੀਤੀ ਤਾਂ ਨਜ਼ਰ ਆਇਆ ਕਿ ਰਾਤ ਨੂੰ ਮਹਿੰਦਰਾ ਬੋਲੈਰੋ ਗੱਡੀ ’ਚ 5 ਲੋਕ ਸਵਾਰ ਹੋ ਕੇ ਆਏ। ਉਨ੍ਹਾਂ ’ਚੋਂ ਤਿੰਨ ਨੇ 1.10 ਵਜੇ ਕੇ ਅੰਦਰ ਐਂਟਰੀ ਕੀਤੀ, 2 ਲੋਕ ਗੱਡੀ ਕੋਲ ਖੜ੍ਹੇ ਰਹੇ। 1.46 ਵਜੇ ਚੋਰੀ ਦਾ ਸਾਮਾਨ ਲੋਡ ਕਰਕੇ 2 ਵਿਅਕਤੀ ਉਥੋਂ ਚਲੇ ਗਏ, ਜਦੋਂ ਕਿ ਤਿੰਨ ਫੈਕਟਰੀ ਅੰਦਰ ਹੀ ਰਹੇ। ਉਸ ਤੋਂ ਬਾਅਦ 2.35 ਵਜੇ ਬੋਲੈਰੋ ਫਿਰ ਆਈ। ਉਸ ’ਚ ਚੋਰੀ ਦਾ ਹੋਰ ਸਾਮਾਨ ਲੋਡ ਕਰਕੇ ਚੋਰ 2.47 ਮਿੰਟ ’ਤੇ ਉਥੋਂ ਫ਼ਰਾਰ ਹੋ ਗਏ। ਇੰਦਰਜੀਤ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਦਾ ਕਰੀਬ 25 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਗੁਦਾਮ ਦੇ ਬਾਹਰ ਖੜ੍ਹੀ ਕਰਿਆਨਾ ਵਪਾਰੀ ਦੀ ਬੋਲੈਰੋ ਚੋਰੀ
ਸਮਰਾਲਾ (ਡੀਪੀਐੱਸ ਬੱਤਰਾ): ਕਰਿਆਨਾ ਵਪਾਰੀ ਦੀ ਬੀਤੀ ਰਾਤ ਮਾਲ ਢੋਣ ਵਾਲੀ ਬੋਲੈਰੋ ਗੱਡੀ ਚੋਰੀ ਹੋ ਗਈ ਹੈ। ਵਪਾਰੀ ਦੇ ਗੋਦਾਮ ਦੇ ਬਾਹਰ ਖੜ੍ਹੀ ਇਸ ਗੱਡੀ ਨੂੰ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਰਾਤ ਕਰੀਬ ਤਿੰਨ ਵਜੇ ਦੇ ਆਸਪਾਸ ਚੋਰੀ ਕੀਤੇ ਜਾਣ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ ।ਕਰਿਆਨਾ ਵਪਾਰੀ ਰਵਿੰਦਰ ਕੁਮਾਰ ਖੁੱਲਰ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਸ ਦੀ ਬੋਲੈਰੋ ਉਸ ਦੇ ਪਾਣੀ ਵਾਲੀ ਟੈਂਕੀ ਦੇ ਨੇੜੇ ਗੋਦਾਮ ਦੇ ਬਾਹਰ ਖੜ੍ਹੀ ਸੀ । ਅੱਜ ਜਦੋਂ ਸਵੇਰੇ ਵੇਖਿਆ ਤਾਂ ਗੱਡੀ ਗੋਦਾਮ ਦੇ ਬਾਹਰੋਂ ਚੋਰੀ ਹੋ ਚੁੱਕੀ ਸੀ।