ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 28 ਸਤੰਬਰ
ਸਨਅਤੀ ਸ਼ਹਿਰ ’ਚ ਅੱਜ ਦੋ ਵਿਆਹ ਸਮਾਗਮਾਂ ਵਿੱਚੋਂ ਚੋਰ ਲੱਖਾਂ ਰੁਪਏ ਨਕਦੀ ਵਾਲੇ 2 ਬੈਗ ਚੋਰੀ ਕਰਕੇ ਲੈ ਗਏ। ਪੀੜਤਾਂ ਵੱਲੋਂ ਜਾਣਕਾਰੀ ਦੇਣ ’ਤੇ ਵੱਖ-ਵੱਖ ਥਾਣਿਆਂ ਦੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਸਥਿਤ ਪਿੰਡ ਡੇਹਲੋਂ ਦੇ ਰਵਿੰਦਰ ਸਿੰਘ ਦਾ ਵਿਆਹ ਸੀ। ਉਹ ਲੜਕੀ ਦਾ ਵਿਆਹ ਕਰਨ ਲਈ ਹਿਮਾਚਲ ਤੋਂ ਲੁਧਿਆਣਾ ਹੈਬੋਵਾਲ ਇਲਾਕੇ ’ਚ ਸਥਿਤ ਮੱਲ੍ਹੀ ਫਾਰਮ ’ਚ ਆਏ ਸਨ। ਬੁੱਧਵਾਰ ਦੀ ਰਾਤ ਨੂੰ ਉਥੇ ਸਮਾਗਮ ਸੀ। ਇਸ ਦੌਰਾਨ 12-13 ਸਾਲਾਂ ਦੀ ਬੱਚੀ ਵੀ ਅੰਦਰ ਸੀ। ਇਸ ਦੌਰਾਨ ਦੁਲਹਨ ਦੇ ਪਰਿਵਾਰ ਵਾਲਿਆਂ ਨੇ ਸਾਮਾਨ ਰੱਖਿਆ ਤਾਂ ਲੜਕੀ ਨੇ ਮੌਕਾ ਦੇਖ ਸਟੇਜ ਤੋਂ ਹੀ ਬੈਗ ਚੁੱਕ ਲਿਆ। ਜਾਣਕਾਰੀ ਅਨੁਸਾਰ ਬੈਗ ’ਚ 2-3 ਲੱਖ ਰੁਪਏ ਕੈਸ਼ ਤੇ ਗਹਿਣੇ ਸਨ, ਜੋ ਮੁਲਜ਼ਮ ਲੈ ਗਈ। ਹੁਣ ਥਾਣਾ ਹੈਬੋਵਾਲ ਦੀ ਪੁਲੀਸ ਸੀਸੀਟੀਵੀ ਕੈਮਰਿਆਂ ਦੀ ਜਾਂਚ ’ਚ ਲੱਗੀ ਹੋਈ ਹੈ। ਉਧਰ, ਸਲੇਮ ਟਾਬਰੀ ਦੇ ਰਹਿਣ ਵਾਲੇ ਇੱਕ ਪਰਿਵਾਰ ਦੀ ਬੱਚੀ ਦਾ ਫਿਰੋਜ਼ਪੁਰ ਰੋਡ ਸਥਿਤ ਇੱਕ ਰੈਸਟੋਰੈਂਟ ’ਚ ਵਿਆਹ ਸੀ। ਇਸ ਦੌਰਾਨ ਇੱਕ ਚੋਰ ਵਿਆਹ ਸਮਾਗਮ ਵਾਲਿਆਂ ਨਾਲ ਅੰਦਰ ਦਾਖਲ ਹੋ ਗਈ। ਉਸਨੇ ਪੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਉਸ ਦੇ ਨਾਲ ਇੱਕ ਨੌਜਵਾਨ ਵੀ ਸੀ । ਜਿਵੇਂ ਹੀ ਵਰਮਾਲਾ ਦੀ ਰਸਮ ਸ਼ੁਰੂ ਹੋਈ ਤਾਂ ਉਸ ਨੇ ਲਾੜੀ ਦਾ ਪਰਸ ਸਟੇਜ ਤੋਂ ਚੁੱਕਿਆ ਅਤੇ ਫ਼ਰਾਰ ਹੋ ਗਈ। ਬਸੰਤ ਸਿੰਘ ਅਨੁਸਾਰ ਉਨ੍ਹਾਂ ਦੇ ਬੈਗ ’ਚ ਇੱਕ ਲੱਖ ਰੁਪਏ ਦੀ ਨਗਦੀ ਦੇ ਨਾਲ ਨਾਲ ਗਹਿਣੇ ਵੀ ਸਨ। ਥਾਣਾ ਡਵੀਜ਼ਨ ਨੰ. 5 ਦੀ ਪੁਲੀਸ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਘੋਖੀ ਜਾ ਰਹੀ ਹੈ ਤੇ ਜਲਦੀ ਹੀ ਮੁਲਜ਼ਮ ਫੜ ਲਏ ਜਾਣਗੇ।