ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਸਤੰਬਰ
ਸਨਅਤੀ ਸ਼ਹਿਰ ਦੇ ਸੈਕਟਰ-32 ’ਚ ਅੱਜ ਸਵੇਰੇ ਦੋ ਗੁਆਂਢੀਆਂ ’ਚ ਕਿਸੇ ਗੱਲੋਂ ਬਹਿਸ ਹੋਣ ਮਗਰੋਂ ਮਾਮਲਾ ਜ਼ਿਆਦਾ ਵਧ ਗਿਆ। ਇਸ ਦੌਰਾਨ ਗੁਆਂਢੀਆਂ ਵੱਲੋਂ ਪਿਤਾ ਦੇ ਨਾਲ ਬਹਿਸ ਕਰਨ ਕਰਕੇ ਗੁੱਸੇ ’ਚ ਆਏ ਨੌਜਵਾਨ ਨੇ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ।
ਜਾਣਕਾਰੀ ਅਨੁਸਾਰ ਰਮਨ ਦਾ ਪਿਤਾ ਸੋਮਨਾਥ ਵੀਰਵਾਰ ਨੂੰ ਘਰ ਦੇ ਬਾਹਰ ਖੜ੍ਹਾ ਸੀ। ਇਸੇ ਦੌਰਾਨ ਸਿਧਾਂਤ ਦੇ ਪਿਤਾ ਵਿਜੈ ਕੁਮਾਰ ਆਪਣਾ ਪਾਲਤੂ ਕੁੱਤਾ ਘੁੰਮਾ ਰਿਹਾ ਸੀ। ਉਹ ਕੁੱਤਾ ਘੁੰਮਾਉਦਾ ਹੋਇਆ ਰਮਨ ਦੇ ਘਰ ਕੋਲ ਪੁੱਜਿਆ ਤਾਂ ਸੋਮਨਾਥ ਨੇ ਇਤਰਾਜ਼ ਪ੍ਰਗਟਾਇਆ। ਸ਼ੁੱਕਰਵਾਰ ਸਵੇਰੇ ਇਸੇ ਗੱਲ ਨੂੰ ਲੈ ਦੋਹਾਂ ਪੱਖਾਂ ’ਚ ਬਹਿਸ ਸ਼ੁਰੂ ਹੋ ਗਈ। ਇਸੇ ਦੌਰਾਨ ਤੈਸ਼ ’ਚ ਆਏ ਸਿਧਾਂਤ ਨੇ ਆਪਣੇ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਹਵਾ ’ਚ ਚਲਾਉਣ ਤੋਂ ਬਾਅਦ ਦੂਸਰੇ ਗੋਲੀ ਉਸ ਨੇ ਸੋਮਨਾਥ ’ਤੇ ਚਲਾ ਦਿੱਤੀ ਤੇ ਤੀਸਰੀ ਗੋਲੀ ਵਿੱਚੇ ਫਸ ਗਈ। ਉਸ ਤੋਂ ਬਾਅਦ ਮੁਲਜ਼ਮ ਧਮਕੀਆਂ ਦਿੰਦਾ ਹੋਇਆ ਫ਼ਰਾਰ ਹੋ ਗਿਆ। ਪੀੜਤ ਪਰਿਵਾਰ ਨੇ ਪੁਲੀਸ ਨੂੰ ਸਾਰੀ ਵੀਡੀਓ ਰਿਕਾਰਡਿੰਗ ਦਿੱਤੀ ਹੈ, ਜਿਸ ’ਚ ਮੁਲਜ਼ਮ ਗੋਲੀ ਚਲਾਉਂਦਾ ਵੀ ਦਿਖਾਈ ਦੇ ਰਿਹਾ ਹੈ। ਥਾਣਾ ਡਿਵੀਜ਼ਨ ਨੰ. 7 ਦੇ ਐੱਸਐੱਚਓ ਇੰਸਪੈਕਟਰ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਸਿਧਾਂਤ ਖ਼ਿਲਾਪ਼ ਕਤਲ ਦੀ ਕੋਸ਼ਿਸ਼ ਸਮੇਤ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਸਬੂਤ ਮਿਲ ਸਕਣ। ਮੁਲਜ਼ਮ ਹਾਲੇ ਪੁਲੀਸ ਗ੍ਰਿਫ਼ਤ ’ਚੋਂ ਬਾਹਰ ਹੈ।