ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਜੁਲਾਈ
ਦੋਸਤਾਂ ਦੇ ਨਾਲ ਘਰ ਤੋਂ ਕਿਰਾਏ ਦੀ ਗੱਡੀ ’ਚ ਨੀਲੋ ਨਹਿਰ ’ਚ ਨਹਾਉਣ ਗਏ ਮੁਹੰਮਦ ਸਲੀਮ (17) ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ। ਦੋਸਤਾਂ ਦਾ ਕਹਿਣਾ ਹੈ ਕਿ ਮੁਹੰਮਦ ਸਲੀਮ ਨਹਿਰ ਕਿਨਾਰੇ ਲੱਗੇ ਦਰਖੱਤ ’ਤੇ ਜਾਮੁਨ ਤੋੜਨ ਲਈ ਗਿਆ ਤਾਂ ਨਹਿਰ ’ਚ ਡਿੱਗ ਗਿਆ ਤੇ ਡੁੱਬਣ ਨਾਲ ਉਸਦੀ ਮੌਤ ਹੋ ਗਈ, ਜਦੋਂ ਕਿ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸਦੀ ਲਾਸ਼ ਨਹਿਰ ’ਚ ਸੁੱਟੀ ਗਈ ਹੈ। ਪਰਿਵਾਰ ਵਾਲਿਆਂ ਦੇ ਦੋਸ਼ ਲਾਉਣ ਤੋਂ ਬਾਅਦ ਥਾਣਾ ਸਮਰਾਲਾ ਦੀ ਪੁਲੀਸ ਨੇ ਜ਼ੀਰੋ ਨੰਬਰ ਐੱਫ਼ਆਈਆਰ ਦਰਜ ਕਰ ਲਈ ਹੈ। ਪੁਲੀਸ ਨੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ’ਤੇ ਨੌਸ਼ਾਦ, ਟੋਨੀ, ਫਰਦੀਨ ਅਬੂ ਬਕਰ, ਚੋਨੀ ਤਿਆਗੀ, ਟਿੱਬਾ ਰੋਡ ਵਾਸੀ ਮੁਬਾਰਕ, ਨਈਮ, ਸ਼ੌਇਬ ਅਤੇ ਇਰਸ਼ਾਦ ਦੇ ਖਿਲਾਫ਼ ਕਤਲ ਕੇਸ ਦਰਜ ਕਰ ਕੇ ਹਿਰਾਸਤ ’ਚ ਲੈ ਲਿਆ ਹੈ।
ਪੁਲੀਸ ਨੂੰ ਮ੍ਰਿਤਕ ਦੇ ਭਰਾ ਮੁਹੰਮਦ ਮੁਸ਼ਰਫ਼ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ 5 ਜੁਲਾਈ ਦੀ ਦੁਪਹਿਰ ਨੂੰ ਮੁਲਜ਼ਮ ਉਸਦੇ ਭਰਾ ਨੂੰ ਆਪਣੇ ਨਾਲ ਮਹਿੰਦਰਾ ਗੱਡੀ ’ਚ ਅਗਵਾ ਕਰਕੇ ਲੈ ਗਿਆ। ਬਾਅਦ ’ਚ ਉਸਨੂੰ ਪਤਾ ਲੱਗਿਆ ਕਿ ਮੁਲਜ਼ਮਾਂ ਨੇ ਉਸਨੂੰ ਮਾਰ ਕੇ ਸੁੱਟ ਦਿੱਤਾ ਹੈ। ਥਾਣਾ ਟਿੱਬਾ ਦੇ ਐੱਸਐੱਚਓ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਦਰਅਸਲ ਸਾਰੇ ਨੌਜਵਾਨਾਂ ਨੇ ਘਟਨਾ ਵਾਲੇ ਦਿਨ 50-50 ਰੁਪਏ ਇਕੱਠੇ ਕਰਕੇ ਗੱਡੀ ਕਿਰਾਏ ’ਤੇ ਕੀਤੀ ਸੀ, ਜਿਸ ’ਚ ਸਵਾਰ ਹੋ ਕੇ ਉਹ ਨੀਲੋ ਨਹਿਰ ਚਲੇ ਗਏ। ਇਥੇ ਸਲੀਮ ਨਹਿਰ ਦੇ ਪਾਣੀ ’ਚ ਡੁੱਬ ਗਿਆ। ਮੌਤ ਨਹਿਰ ’ਚ ਡੁੱਬਣ ਕਾਰਨ ਹੋਈ ਸੀ, ਇਸ ਲਈ ਸਮਰਾਲਾ ਪੁਲੀਸ ਨੇ ਕਤਲ ਦਾ ਕੇਸ ਦਰਜ ਕਰ ਐਫ਼ਆਈਆਰ ਇੱਥੇ ਭੇਜ ਦਿੱਤੀ। ਸਾਰੇ ਮੁਲਜ਼ਮ ਪੁਲੀਸ ਦੀ ਹਿਰਾਸਤ ’ਚ ਹਨ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।