ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਮਾਰਚ
ਵਿਧਾਨ ਸਭਾ ਚੋਣਾਂ ’ਚ ਪ੍ਰਸ਼ਾਸਨ ਵੱਲੋਂ ਹਥਿਆਰ ਜਮ੍ਹਾਂ ਕਰਾਉਣ ਦੀ ਗੱਲ ਕਹੀ ਗਈ ਸੀ, ਇਸ ਦੇ ਬਾਵਜੂਦ ਕੁਝ ਲੋਕਾਂ ਨੇ ਹਥਿਆਰ ਜਮ੍ਹਾਂ ਨਹੀਂ ਕਰਵਾਏ ਹਨ। ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਗ੍ਰਾਮ ’ਚ ਇੱਕ ਜਣੇ ਨੇ ਆਵਾਰਾ ਕੁੱਤੇ ਨੂੰ ਗੋਲੀ ਮਾਰ ਦਿੱਤੀ। ਕੁੱਤੇ ਨੂੰ ਗੋਲੀ ਮਾਰਨ ਦਾ ਪਤਾ ਉਸ ਸਮੇਂ ਲੱਗਿਆ ਜਦੋਂ ਕਾਰ ਮਾਲਕ ਜਾਣ ਲੱਗਿਆ ਤੇ ਉਸ ਦੀ ਕਾਰ ਥੱਲੇ ਜ਼ਖ਼ਮੀ ਕੁੱਤਾ ਪਿਆ ਸੀ। ਇਸ ਤੋਂ ਬਾਅਦ ਕਾਰ ਮਾਲਕ ਮਾਡਲ ਟਾਊਨ ਐਕਸਟੈਨਸ਼ਨ ਵਾਸੀ ਰਾਹੁਲ ਸ਼ਰਮਾ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਪੁਲੀਸ ਦੀ ਬਾਅਦ ਜਾਂਚ ਤੋਂ ਪਤਾ ਲੱਗਿਆ ਕਿ ਗੋਲੀ ਬਾੜੇਵਾਲ ਰੋਡ ਵਾਸੀ ਕਰਨ ਨੇ ਮਾਰੀ ਹੈ।
ਰਾਹੁਲ ਸ਼ਰਮਾ ਨੇ ਪੁਲੀਸ ਨੂੰ ਦੱਸਿਆ ਕਿ ਸੱਤ ਮਾਰਚ ਦੀ ਰਾਤ ਨੂੰ ਇੱਕ ਕੁੱਤਾ ਤੜਫਦਾ ਹੋਇਆ ਗੱਡੀ ਥੱਲੇ ਆ ਕੇ ਬੈਠਿਆ ਤੇ ਕੁਝ ਹੀ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ ਸੀ, ਜਿਸ ਦੀ ਸ਼ਿਕਾਇਤ ਦੇਣ ਲਈ ਜਦੋਂ ਉਹ ਥਾਣੇ ਪੁੱਜੇ ਤਾਂ ਪਿੱਛੋਂ ਨੌਜਵਾਨ ਮਰੇ ਹੋਏ ਕੁੱਤੇ ਨੂੰ ਚੁੱਕ ਕੇ ਆਪਣੇ ਨਾਲ ਲੈ ਗਿਆ। ਬਾਅਦ ’ਚ ਜਾਂਚ ’ਚ ਸਾਹਮਣੇ ਆਇਆ ਕਿ ਆਵਾਰਾ ਕੁੱਤਾ ਕਰਨ ਨੂੰ ਵੱਢਣ ਪੈ ਗਿਆ ਜਿਸ ਕਾਰਨ ਉਸ ਨੇ ਗੋਲੀ ਮਾਰ ਦਿੱਤੀ। ਜਾਂਚ ਅਧਿਕਾਰੀ ਏਐੱਸਆਈ ਸੁਖਜਿੰਦਰ ਸਿੰਘ ਅਨੁਸਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁੱਤੇ ਨੂੰ ਗੋਲੀ ਮਾਰਨ ਤੋਂ ਬਾਅਦ ਉਕਤ ਮੁਲਜ਼ਮ ਨੂੰ ਸਰਕਾਰੀ ਹੁਕਮ ਨਾ ਮੰਨਣ ਦੇ ਦੋਸ਼ ’ਚ ਨਾਜ਼ਮਦ ਕੀਤਾ ਗਿਆ ਹੈ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਤੇ ਸਾਰਿਆਂ ਨੂੰ ਆਪਣਾ ਹਤਿਆਰ ਜਮ੍ਹਾ ਕਰਵਾਉਣ ਲਈ ਕਿਹਾ ਹੈ। ਹੁਣ ਇਹ ਵੀ ਜਾਂਚ ਹੋ ਰਹੀ ਹੈ ਕਿ ਉਸਦੇ ਕੋਲ ਹਥਿਆਰ ਕਿੱਥੋਂ ਆਇਆ ਹੈ।