ਗੁਰਿੰਦਰ ਸਿੰਘ
ਲੁਧਿਆਣਾ, 1 ਨਵੰਬਰ
ਨਵੰਬਰ ’84 ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਕਤਲੇਆਮ ਨੂੰ ਬੇਸ਼ੱਕ 36 ਵਰ੍ਹੇ ਹੋਣ ਲੱਗੇ ਹਨ ਪਰ ਪੀੜਤ ਪਰਿਵਾਰਾਂ ਦੇ ਜ਼ਖ਼ਮ ਹਾਲੇ ਵੀ ਅੱਲੇ ਹਨ। ਬੇਸ਼ੱਕ ਸਮੇਂ ਦੀਆਂ ਸਰਕਾਰਾਂ ਵੱਲੋਂ ਕੁਝ ਪੀੜਤਾਂ ਨੂੰ ਮੁੜ ਵਸੇਬੇ ਲਈ ਰਾਹਤ ਦਿੱਤੀ ਗਈ ਹੈ ਪਰ ਬਹੁਤੇ ਪਰਿਵਾਰ ਹਾਲੇ ਵੀ ਸਰਕਾਰੀ ਸਹਾਇਤਾ ਦੀ ਉਡੀਕ ਵਿੱਚ ਹਨ ਪਰ ਸਭ ਤੋਂ ਦੁਖਦਾਈ ਅਤੇ ਅਫ਼ਸੋਸਨਾਕ ਗੱਲ ਇਹ ਹੈ ਕਿ ਪੀੜਤ ਪਰਿਵਾਰਾਂ ਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ ਅਤੇ ਨਾ ਹੀ ਕਤਲੇਆਮ ਵਿਚ ਸ਼ਾਮਲ ਕਾਂਗਰਸ ਆਗੂਆਂ ਨੂੰ ਕੋਈ ਸਜ਼ਾ ਮਿਲੀ ਹੈ। ਇਸ ਕਾਰਨ ਪੀੜਤ ਪਰਿਵਾਰ ਦੁਖੀ ਹਨ।
ਸੀਆਰਪੀ ਕਲੋਨੀ ਦੁੱਗਰੀ ਦਾ ਦੌਰਾ ਕਰਨ ’ਤੇ ਪਤਾ ਲੱਗਾ ਕਿ ਇਥੇ ਪੰਜ ਹਜ਼ਾਰ ਤੋਂ ਵੱਧ ਪੀੜਤ ਪਰਿਵਾਰ ਰਹਿ ਰਹੇ ਹਨ। ਇਨ੍ਹਾਂ ਪਰਿਵਾਰਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ ਅਤੇ ਉਹ ਜ਼ਿੰਦਗੀ ਜਿਊਣ ਲਈ ਹਾਲੇ ਵੀ ਜੁਗਾੜ ਕਰਕੇ ਆਪਣਾ ਸਮਾਂ ਬਤੀਤ ਕਰ ਰਹੇ ਹਨ। ਦਿੱਲੀ ਦੇ ਸ਼ਕਰਪੁਰ ਇਲਾਕੇ ਨੇੜੇ ਮੰਡਾਵਲੀ ਵਿੱਚ ਰਹਿਣ ਵਾਲੀ ਗੁਰਸ਼ਰਨ ਕੌਰ (68 ਸਾਲ) ਜ਼ਿੰਦਗੀ ਦੇ ਅੰਤਲੇ ਪੜਾਅ ਵਿੱਚੋਂ ਗੁਜ਼ਰ ਰਹੀ ਹੈ ਅਤੇ ਉਸ ਦੇ ਚਿਹਰੇ ’ਤੇ ਹਾਲੇ ਵੀ ਉਦਾਸੀ ਅਤੇ ਦਰਦ ਝਲਕ ਰਿਹਾ ਹੈ। 31 ਅਕਤੂਬਰ ਦੀ ਰਾਤ ਹਮਲਾਵਰਾਂ ਨੇ ਉਸ ਦੇ ਘਰ ਉਪਰ ਹਮਲਾ ਕਰਕੇ ਉਸ ਦੇ ਪਤੀ ਦੀ ਹੱਤਿਆ ਕਰ ਦਿੱਤੀ। ਸੁਲਤਾਨਪੁਰੀ ਤੋਂ ਆਈ ਭੁਪਿੰਦਰ ਕੌਰ (72 ਸਾਲ) ਦੀ ਦੁੱਖ ਭਰੀ ਕਹਾਣੀ ਵੀ ਘੱਟ ਨਹੀਂ। ਉਸ ਦਾ ਪਤੀ ਬੰਤ ਸਿੰਘ, ਦਿਓਰ ਸ਼ਿੰਗਾਰਾ ਸਿੰਘ ਅਤੇ ਛੋਟਾ ਦਿਓਰ ਕੁਲਵੰਤ ਸਿੰਘ ਆਪਣੀ ਟੈਕਸੀ ਚਲਾਉਂਦੇ ਸਨ। ਦੁਪਹਿਰ ਸਮੇਂ ਉਹ ਘਰ ਵਿੱਚ ਹੀ ਸਨ ਕਿ ਹਜ਼ੂਮ ਨੇ ਘਰ ’ਤੇ ਹਮਲਾ ਕੀਤਾ ਤੇ ਘਰ ਨੂੰ ਅੱਗ ਲਾ ਦਿੱਤੀ। ਇਸ ਨਾਲ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਦੌਰਾਨ ਦਰਿੰਦਿਆਂ ਨੇ ਤਿੰਨਾਂ ਮਰਦ ਮੈਂਬਰਾਂ ਨੂੰ ਬਾਹਰ ਕੱਢ ਕੇ ਗਲਾਂ ਵਿੱਚ ਟਾਇਰ ਪਾ ਕੇ ਜ਼ਿੰਦਾ ਜਲਾ ਦਿੱਤਾ। ਉਹ ਆਪਣੀਆਂ ਤਿੰਨ ਨਿੱਕੀਆਂ ਬੇਟੀਆਂ ਸਮੇਤ ਦਰ ਦਰ ਭਟਕਦੀ ਹੋਈ ਪੰਜਾਬ ਪੁੱਜ ਗਈ। ਇਸੇ ਤਰ੍ਹਾਂ 85 ਸਾਲ ਦੀ ਉਮਰ ਪੂਰੀ ਕਰ ਚੁੱਕੀ ਗੁਰਦੇਵ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਕਲਕੱਤਾ ਵਿੱਚ ਟੈਕਸੀ ਚਲਾਉਂਦਾ ਸੀ ਅਤੇ ਹਜ਼ੂਮ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਘਰ ਨੂੰ ਅੱਗ ਲਗਾ ਦਿੱਤੀ। ਗੁਰਦੇਵ ਕੌਰ ਨੂੰ ਉਸ ਦੇ ਗੁਆਂਢੀ ਆਪਣੇ ਘਰ ਲੈ ਗਏ ਜਦੋਂ ਅਗਲੇ ਦਿਨ ਉਹ ਘਰ ਆਈ ਤਾਂ ਸਭ ਕੁਝ ਖਤਮ ਹੋ ਚੁੱਕਾ ਸੀ। ਉਹ ਤਿੰਨ ਲੜਕੀਆਂ ਅਤੇ ਦੋ ਬੇਟਿਆਂ ਸਮੇਤ ਲੁਧਿਆਣੇ ਆ ਗਈ ਪਰ ਇੱਥੇ ਵੀ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਅਤੇ ਉਸ ਦੇ ਦੋ ਬੇਟੇ ਆਪਣੀ ਬਿਮਾਰੀ ਕਾਰਨ ਇਸ ਦੁਨੀਆਂ ਤੋਂ ਰੁਖਸਤ ਹੋ ਗਏ। ਇਥੋਂ ਦੇ ਦੰਗਾ ਪੀੜਤ ਹੋਰ ਵੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।