ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਜੁਲਾਈ
ਅਕਾਲੀ ਦਲ (ਅੰਮ੍ਰਿਤਸਰ) ਦੇ ਵਰਕਰਾਂ ਨੇ ਅੱਜ ਥਾਣਾ ਡਿਵੀਜ਼ਨ ਨੰਬਰ ਪੰਜ ਦਾ ਘਿਰਾਓ ਕਰਕੇ ਮੰਗ ਕੀਤੀ ਕਿ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਦਸਤਾਰ ਬਾਰੇ ਭੱਦੀ ਸ਼ਬਦਾਵਲੀ ਬੋਲਣ ਵਾਲੇ ਖ਼ਿਲਾਫ਼ ਧਾਰਾ 295 ਏ ਅਧੀਨ ਪਰਚਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਜ਼ਿਲ੍ਹਾ ਪ੍ਰਧਾਨ ਅਤੇ ਪੀਏਸੀ ਮੈਂਬਰ ਜੱਥੇਦਾਰ ਜਸਵੰਤ ਸਿੰਘ ਚੀਮਾ ਦੀ ਅਗਵਾਈ ਵਿੱਚ ਵਰਕਰਾਂ ਨੇ ਥਾਣੇ ਬਾਹਰ ਨਾਅਰੇਬਾਜ਼ੀ ਵੀ ਕੀਤੀ। ਵਰਕਰ ਮੰਗ ਕਰ ਰਹੇ ਸਨ ਕਿ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੇ ਖ਼ਿਲਾਫ਼ ਖੜਕਲ ਕਲਾਂ ਦੇ ਰਹਿਣ ਵਾਲੇ ਜਸਵੰਤ ਸਿੰਘ ਭਾਰਟਾ ਵੱਲੋਂ ਸੋਸ਼ਲ ਮੀਡੀਆ ’ਤੇ ਸ੍ਰੀ ਮਾਨ ਦੀ ਪੱਗ ਉਤਾਰ ਕੇ ਲਿਆਉਣ ਵਾਲੇ ਨੂੰ ਪੰਜ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕਰਨ ਨਾਲ ਸਿੱਖ ਜੱਥੇਬੰਦੀਆਂ ਅਤੇ ਵਰਕਰਾਂ ਵਿੱਚ ਗੁੱਸਾ ਹੈ। ਜੱਥੇਦਾਰ ਚੀਮਾ ਨੇ ਕਿਹਾ ਕਿ ਜੇ ਉਸ ਖ਼ਿਲਾਫ਼ ਕੋਈ ਕਾਰਵਾਈ ਨਾ ਹੋਈ ਤਾਂ ਦਲ ਵੱਲੋਂ ਥਾਣੇ ਬਾਹਰ ਪੱਕਾ ਮੋਰਚਾ ਲਗਾਇਆ ਜਾਵੇਗਾ। ਜੱਥੇਦਾਰ ਚੀਮਾ ਦੇ ਇਸ ਐਲਾਨ ਤੋਂ ਬਾਅਦ ਥਾਣਾ ਮੁਖੀ ਨੇ ਤੁਰੰਤ ਭਾਰੀ ਪੁਲੀਸ ਬਲ ਦੇ ਨਾਲ ਪਹੁੰਚ ਕੇ ਭਰੋਸਾ ਦਿੱਤਾ ਕਿ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਮਗਰੋਂ ਥਾਣਾ ਮੁਖੀ ਨੇ ਦਰਖਾਸਤ ਨੰਬਰ 77-5ਡੀ ਤਹਿਤ ਡੀਡੀਆਰ ਕੱਟ ਦਿੱਤੀ ਅਤੇ ਕਾਰਵਾਈ ਅਮਲ ਵਿੱਚ ਲਿਆਉਣ ਦਾ ਭਰੋਸਾ ਦਿੱਤਾ। ਜੱਥੇਦਾਰ ਚੀਮਾ ਨੇ ਕਿਹਾ ਕਿ ਜੇ ਪੁਲੀਸ ਵੱਲੋਂ ਕੋਈ ਕਾਰਵਾਈ ਅਮਲ ਵਿੱਚ ਨਾ ਲਿਆਂਦੀ ਗਈ ਤਾਂ ਇਸ ਸਬੰਧੀ ਹਾਈ ਕੋਰਟ ਜਾਇਆ ਜਾਵੇਗਾ। ਇਸ ਮੌਕੇ ਬੱਬਲੂ ਕੁਰੈਸ਼ੀ, ਗੁਰਚਰਨ ਸਿੰਘ ਸਾਹਨੇਵਾਲ, ਨਵਨੀਤ ਗੋਪੀ, ਭੁਪਿੰਦਰ ਸਿੰਘ ਨਾਰੰਗਵਾਲ, ਗੁਰਦੀਪ ਸਿੰਘ ਜੱਸਲ, ਬਾਬਾ ਦਰਸ਼ਨ ਸਿੰਘ, ਦਰਸਨ ਸਿੰਘ ਖਵਾਜਕੇ, ਕੁਲਵੰਤ ਸਿੰਘ ਸਲੇਮ ਟਾਬਰੀ ਅਤੇ ਕਰਨੈਲ ਸਿੰਘ ਬਹਾਦਰਕੇ ਹਾਜ਼ਰ ਸਨ।