ਸੰਤੋਖ ਗਿੱਲ
ਗੁਰੂਸਰ ਸੁਧਾਰ, 19 ਅਕਤੂਬਰ
ਇਥੇ ਪਿੰਡ ਐਤੀਆਣਾ ਦੀਆਂ ਮਗਨਰੇਗਾ ਵਰਕਰ ਬੀਬੀਆਂ ਨੇ ਵੀ ਸੀਟੂ ਦੀ ਅਗਵਾਈ ਵਿੱਚ ਕਿਸਾਨੀ ਘੋਲ ਵਿਚ ਕੁੱਦਣ ਲਈ ਝੰਡਾ ਚੁੱਕ ਲਿਆ ਹੈ, ਉਨ੍ਹਾਂ ਐਲਾਨ ਕੀਤਾ ਕਿ ਖੇਤਾਂ ਦੀ ਰਾਖੀ ਲਈ ਕਿਸਾਨ ਹੀ ਨਹੀਂ ਮਜ਼ਦੂਰ ਵੀ ਹੁਣ ਸਰਕਾਰ ਨਾਲ ਦੋ ਹੱਥ ਕਰਨ ਲਈ ਮੈਦਾਨ ਵਿੱਚ ਆਉਣਗੇ। ਭੱਠਾ ਮਜ਼ਦੂਰ ਯੂਨੀਅਨ ਦੇ ਆਗੂ ਪ੍ਰਕਾਸ਼ ਸਿੰਘ ਹਿੱਸੋਵਾਲ ਨੇ ਕਿਹਾ ਕਿ ਢਾਈ ਸੌ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਅਗਲੇ ਮਹੀਨੇ ਦੇਸ਼ ਦੀ ਸੰਸਦ ਵੱਲ ਕੂਚ ਕਰਨ ਲਈ ਦੇਸ਼ ਭਰ ਵਿੱਚ ਤਿਆਰੀਆਂ ਵਿੱਢ ਦਿੱਤੀਆਂ ਹਨ। ਸੀਟੂ ਵੱਲੋਂ ਕਿਸਾਨੀ ਘੋਲ ਦੀ ਹਮਾਇਤ ਅਤੇ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਪੰਜਾਬ ਭਰ ਵਿੱਚ 21 ਅਕਤੂਬਰ ਨੂੰ ਚੱਕਾ ਜਾਮ ਕਰਨ ਲਈ ਪਿੰਡਾਂ ਵਿੱਚ ਤਿਆਰੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ, ਇਸ ਮਾਮਲੇ ਵਿੱਚ ਮਗਨਰੇਗਾ, ਆਸ਼ਾ, ਆਂਗਣਵਾੜੀ, ਭੱਠਾ ਮਜ਼ਦੂਰਾਂ ਅਤੇ ਉਸਾਰੀ ਕਾਮਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਮੌਕੇ ਸੀਟੂ ਵਰਕਰਾਂ ਨੇ ਸ਼ਹੀਦ ਬਲਵਿੰਦਰ ਸਿੰਘ ਭਿੱਖੀਵਿੰਡ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਅਤੇ ਉਨ੍ਹਾਂ ਵੱਲੋਂ ਕਾਲੇ ਦੌਰ ਦੌਰਾਨ ਦੇਸ਼ ਵਿਰੋਧੀ ਤਾਕਤਾਂ ਖ਼ਿਲਾਫ਼ ਡਟਣ ਵਾਲੇ ਮਿਸਾਲੀ ਜੀਵਨ ਬਾਰੇ ਵੀ ਚਾਨਣਾ ਪਾਇਆ।
ਰਾਏਕੋਟ (ਰਾਮ ਗੋਪਾਲ ਰਾਏਕੋਟੀ): ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਭਾਰਤੀ ਕਿਸਾਨ ਯੂਨੀਅਨ ਵੱਲੋਂ ਰਿਲਾਇੰਸ ਪੰਪ ਰਾਏਕੋਟ- ਲੁਧਿਆਣਾ ਰੋਡ ਨੇੜੇ ਨੂਰਪੁਰਾ 19ਵੇਂ ਦਿਨ ਵੀ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਗੁਰਪ੍ਰੀਤ ਸਿੰਘ ਨੂਰਪੁਰਾ, ਬਲਵਿੰਦਰ ਸਿੰਘ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਤਿੰਨੋਂ ਖੇਤੀ ਕਾਨੂੰਨ ਪਾਸ ਕੀਤੇ ਗਏ ਹਨ, ਉਸ ਕਾਰਨ ਸੂਬੇ ਦੇ ਕਿਸਾਨਾਂ ਦਾ ਕੇਂਦਰ ਸਰਕਾਰ ਖ਼ਿਲਾਫ਼ ਗੁੱਸਾ ਵਧਦਾ ਜਾ ਰਿਹਾ ਹੈ, ਜੇਕਰ ਸਰਕਾਰ ਨੇ ਇਹ ਕਾਨੂੰਨ ਵਾਪਸ ਨਾ ਲਏ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਸੰਘਰਸ਼ ਨੂੰ ਹੋਰ ਤੇਜ ਕਰਕੇ ਦਿੱਲੀ ਨੂੰ ਘੇਰਿਆ ਜਾਵੇਗਾ। ਇਸ ਮੌਕੇ ਬਲਵਿੰਦਰ ਸਿੰਘ, ਚਰਨ ਸਿੰਘ ਕਲਸੀਆਂ, ਮਨਜੀਤ ਸਿੰਘ, ਰਣਜੀਤ ਸਿੰਘ, ਬਲਦੇਵ ਰਾਜ, ਦਰਬਾਰਾ ਸਿੰਘ, ਸੁਖਜਿੰਦਰ ਸਿੰਘ, ਹਰਪ੍ਰੀਤ ਟੂਸੇ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।
ਜੈਤੋ ਦੀ ਨਾਟਕ ਮੰਡਲੀ ਨੇ ਖੇਡਿਆ ਨਾਟਕ ‘ਮਦਾਰੀ’
ਜਗਰਾਉਂ (ਚਰਨਜੀਤ ਸਿੰਘ ਢਿੱਲੋਂ): ‘ਪੰਜਾਬ ਦਾ ਬਹਾਦਰ ਕਿਸਾਨ, ਮਜ਼ਦੂਰ ਅਤੇ ਹੋਰ ਹਮਖਿਆਲੀ ਜਥੇਬੰਦੀਆਂ ਹੱਕਾਂ ਦੀ ਪ੍ਰਾਪਤੀ ਤੱਕ ਕੇਂਦਰ ਵੱਲੋਂ ਅਰੰਭੇ ਤੁਫਾਨ ਅੱਗੇ ਡਟੇ ਹੋਏ ਹਨ। ਬਿਨਾਂ ਕਿਸੇ ਰਾਜਨੀਤਿਕ ਸਹਿਯੋਗ ਤੋਂ ਪੰਜਾਬ ਭਰ ’ਚ 31 ਕਿਸਾਨ ਜਥੇਬੰਦੀਆਂ ਵੱਲੋਂ ਨਿਰਵਿਘਨ ਪ੍ਰਬੰਧਾਂ ਅਤੇ ਇੱਕ-ਸੁਰ ਲਈ ਕਿਸਾਨ, ਮਜ਼ਦੂਰਾਂ ਨੂੰ ਸਲਾਮ ਕਰਨੀ ਬਣਦੀ ਹੈ’ ਇਹ ਪ੍ਰਗਟਾਵਾ ਕਿਸਾਨ ਆਗੂ ਮਨਜੀਤ ਧਨੇਰ ਨੇ ਪੱਤਰਕਾਰਾਂ ਕੋਲ ਕੀਤਾ। ਅੱਜ ਚੌਂਕੀਮਾਨ ਟੌਲ ਅਤੇ ਰਿਲਾਇੰਸ ਪੈਟਰੋਲ ਪੰਪ ’ਤੇ ਲੱਗੇ ਧਰਨੇ ਦੀ ਉਮਰ ਵੀ 19 ਦਿਨ ਦੀ ਹੋਣ ਤੇ ਧਰਨਾਕਾਰੀਆਂ ਨੇ ਕੇਂਦਰ ਖ਼ਿਲਾਫ਼ ਜਮ ਕੇ ਭੜਾਸ ਕੱਢੀ ਅਤੇ ਮੋਦੀ ਮੁਰਦਾਬਾਦ ਦੇ ਨਾਅਰੇ ਲਗਾਏ। ਦੋਵਾਂ ਥਾਂਵਾ ’ਤੇ ਆਲੇ ਦੁਆਲੇ ਦੇ ਪਿੰਡਾਂ ਅਲੀਗੜ੍ਹ, ਚੌਂਕੀਮਾਨ, ਕੁਲਾਰ, ਸ਼ੇਖੂਪੁਰਾ, ਸਿੱਧਵਾਂ ਕਾਲਜ, ਸਿੱਧਵਾਂ ਕਲਾਂ, ਗੁੱੜੇ ਸ਼ਵੱਦੀ, ਭਰੋਵਾਲ, ਮਲਕ, ਚੀਮਨਾ, ਬਜ਼ੁਰਗ ਆਦਿ ਤੇ ਨੌਜਵਾਨ ਕਿਸਾਨਾਂ ਦਾ ਸਮੂਹ ਆ ਕੇ ਡਟਿਆ ਰਿਹਾ। ਜਗਰਾਉਂ ਰੇਲਵੇ ਸਟੇਸ਼ਨ ’ਤੇ ਵੱਡੇ ਧਰਨੇ ਦੌਰਾਨ ਜੈਤੋ ਤੋਂ ਵਿਸ਼ੇਸ਼ ਤੌਰ ’ਤੇ ਪੁੱਜੀ ਨਾਟਕ ਮੰਡਲੀ ਵੱਲੋਂ ਖੇਡੇ ਨਾਟਕ ‘ਮਦਾਰੀ’ ਦੀ ਦਿਲ ਟੁੰਬਵੀਂ ਪੇਸ਼ਕਾਰੀ ਨੇ ਸਾਰੇ ਪੰਡਾਲ ਨੂੰ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਧਰਨੇ ਨੂੰ ਇਨਕਲਾਬੀ ਵਿਚਾਰਧਾਰਾ ਦੇ ਪੰਜਾਬ ਦੇ ਕੋਨੇ-ਕੋਨੇ ਤੋਂ ਪੁੱਜੇ ਲੋਕ ਆਗੂਆਂ ਨੇ ਸੰਬੋਧਨ ਕਰ ਸਮਾਂ ਬੰਨ੍ਹੀ ਰੱਖਿਆ। ਸਮਾਜਸੇਵੀ ਸੰਸਥਾਵਾਂ ਵੱਲੋਂ ਧਰਨੇ ’ਤੇ ਬੈਠੇ ਕਿਰਤੀਆਂ ਲਈ ਲੰਗਰਾਂ ਦੇ ਕੀਤੇ ਪ੍ਰਬੰਧ ਸ਼ਲਾਘਾਯੋਗ ਹਨ।