ਗੁਰੂਸਰ ਸੁਧਾਰ (ਸੰਤੋਖ ਗਿੱਲ): ਪਿੰਡ ਸੁਧਾਰ ਦੀਆਂ ਔਰਤਾਂ ਨੇ ਦਿੱਲੀ ਵਿਚ ਕਿਸਾਨ ਸੰਸਦ ਦੇ ਸਮਰਥਨ ਲਈ ਚਲਾਈ ਮੁਹਿੰਮ ਦੌਰਾਨ ਅੱਜ ਵੀ ਗਿੱਲ ਪੱਤੀ ਸੱਥ ਵਿਚ ਨਾਅਰੇ ਮਾਰਦਿਆਂ ਪਿੰਡ ਜੱਸੋਵਾਲ ਅਤੇ ਕੁਲਾਰ ਲਈ ਮਾਰਚ ਵਰ੍ਹਦੇ ਮੀਂਹ ਵਿਚ ਸ਼ੁਰੂ ਕੀਤਾ। ਬੀਬੀਆਂ ਦਾ ਜਥਾ ਪਿੰਡ ਕੁਲਾਰ ਦੇ ਪੱਕੇ ਦਰਵਾਜ਼ੇ ਪਹੁੰਚਿਆ ਜਿੱਥੇ ਬੀਬੀ ਦਲਜੀਤ ਕੌਰ ਕੁਲਾਰ, ਗੁਰਮੀਤ ਕੌਰ ਪੰਚ, ਬਲਵਿੰਦਰ ਕੌਰ, ਸੁਖਵਿੰਦਰ ਕੌਰ, ਕਿਸਾਨ ਆਗੂ ਕਰਤਾਰ ਸਿੰਘ ਕੁਲਾਰ, ਜਗਤਾਰ ਸਿੰਘ, ਬਹਾਦਰ ਸਿੰਘ ਪੰਚ ਅਤੇ ਗੁਰਵਿੰਦਰ ਸਿੰਘ ਟੀਟੂ ਨੇ ਬੀਬੀਆਂ ਦੇ ਜਥੇ ਦਾ ਜ਼ੋਰਦਾਰ ਸਵਾਗਤ ਕੀਤਾ। ਪਿੰਡ ਕੁਲਾਰ ਦੇ ਖੇਡ ਸਟੇਡੀਅਮ ਵਿਚ ਵਰ੍ਹਦੇ ਮੀਂਹ ਦੌਰਾਨ ਕਿਸਾਨ ਮਜ਼ਦੂਰ ਔਰਤਾਂ ਨੇ ‘ਚਾਹ ਵੇਚਣ ਵਾਲਾ ਨੀ, ਹਵਾਈ ਅੱਡੇ ਵੇਚਦਾ’ ਬੋਲੀ ਜਦੋਂ ਉੱਚੀ ਹੇਕ ਵਿਚ ਪਾਈ ਤਾਂ ਰਾਹਗੀਰਾਂ ਦੇ ਪੈਰ ਵੀ ਆਪ ਮੁਹਾਰੇ ਰੁਕ ਗਏ। ਕਿਸਾਨ ਆਗੂ ਬੀਬੀਆਂ ਅਤੇ ਹੋਰ ਬੁਲਾਰਿਆਂ ਨੇ ਇਸ ਮੌਕੇ ਕਿਹਾ ਕਿ ਬੇਈਮਾਨ ਮੋਦੀ ਹਕੂਮਤ ਨੇ ਬਿਜਲੀ ਸੋਧ ਕਾਨੂੰਨ ਸੰਸਦ ਵਿਚ ਪੇਸ਼ ਕਰ ਕੇ ਕਿਸਾਨਾਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਬਉੱਚ ਅਦਾਲਤ ਵੱਲੋਂ ਖੇਤੀ ਕਾਨੂੰਨ ਭਾਵੇਂ ਅਗਲੇ ਹੁਕਮਾਂ ਤੱਕ ਮੁਲਤਵੀ ਕੀਤੇ ਹੋਏ ਹਨ, ਪਰ ਮੋਦੀ ਹਕੂਮਤ ਚੋਰ ਮੋਰੀਆਂ ਰਾਹੀਂ ਇਨ੍ਹਾਂ ਦੀਆਂ ਧਾਰਾਵਾਂ ਨੂੰ ਲਾਗੂ ਕਰ ਰਹੀ ਹੈ। ਇਸ ਮੌਕੇ ਕਿਸਾਨ-ਮਜ਼ਦੂਰ ਭੈਣਾਂ ਨੇ ਪਿੰਡ-ਪਿੰਡ ਮੋਦੀ ਹਕੂਮਤ ਵਿਰੁੱਧ ਤੀਆਂ ਲਾਉਣ ਦਾ ਐਲਾਨ ਵੀ ਕੀਤਾ ਅਤੇ ਉਨ੍ਹਾਂ ਦਿੱਲੀ ਦੀਆਂ ਸਰਹੱਦਾਂ ਉੱਪਰ ਚੱਲ ਰਹੇ ਮੋਰਚਿਆਂ ਨੂੰ ਹੋਰ ਮਜ਼ਬੂਤ ਕਰਨ ਦਾ ਵੀ ਸੱਦਾ ਦਿੱਤਾ।